ਅਫਰੀਕਾ ਲਈ ਕੋਈ ਤਿਆਰੀ ਨਹੀਂ, ਸ਼੍ਰੀਲੰਕਾ ਨਾਲ ਖੇਡ ਕੇ ਕੀਤਾ ਸਮਾਂ ਬਰਬਾਦ : ਬੇਦੀ
Thursday, Jan 18, 2018 - 01:00 AM (IST)

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਬਿਸ਼ਨ ਸਿੰਘ ਬੇਦੀ ਦੱਖਣੀ ਅਫਰੀਕਾ ਦੇ ਮੌਜੂਦਾ ਦੌਰੇ 'ਤੇ ਭਾਰਤੀ ਟੀਮ ਦੇ ਗੋਡੇ ਟੇਕਣ ਤੋਂ ਹੈਰਾਨ ਨਹੀਂ ਹਨ ਕਿਉਂਕਿ ਉਸ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਦੀ ਟੀਮ ਸ਼੍ਰੀਲੰਕਾ ਵਿਚ ਬਿਨਾਂ ਤਿਆਰੀ ਦੇ ਉਤਰੀ ਅਤੇ ਸ਼੍ਰੀਲੰਕਾ ਨਾਲ ਖੇਡ ਕੇ 'ਸਮਾਂ ਬਰਬਾਦ' ਕੀਤਾ। ਦੱਖਣੀ ਅਫਰੀਕਾ ਦੌਰੇ 'ਤੇ ਜਾਣ ਤੋਂ ਪਹਿਲਾਂ ਭਾਰਤ ਨੇ ਸ਼੍ਰੀਲੰਕਾ ਨੂੰ ਘਰੇਲੂ ਜ਼ਮੀਨ 'ਤੇ ਟੈਸਟ, ਵਨ ਡੇ ਅਤੇ ਟਵੰਟੀ-20 ਲੜੀ 'ਚ ਹਰਾਇਆ ਸੀ। ਇਸ ਲੜੀ ਤੋਂ 3 ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਭਾਰਤ ਨੇ ਸ਼੍ਰੀਲੰਕਾ ਵਿਚ ਵੀ ਤਿੰਨੋਂ ਫਾਰਮੈੱਟਾਂ ਦੀ ਲੜੀ 'ਚ ਕਲੀਨ ਸਵੀਪ ਕੀਤਾ ਸੀ।
ਦੱਖਣੀ ਅਫਰੀਕੀ ਦੌਰੇ ਲਈ ਭਾਰਤੀ ਟੀਮ ਦੀ ਤਿਆਰੀ ਬਾਰੇ ਪੁੱਛਣ 'ਤੇ ਬੇਦੀ ਨੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕੋਈ ਤਿਆਰੀ ਨਹੀਂ ਸੀ। ਅਸੀਂ ਸ਼੍ਰੀਲੰਕਾ ਨਾਲ ਆਪਣਾ ਸਮਾਂ ਖਰਾਬ ਕੀਤਾ। ਜਦੋਂ ਦੱਖਣੀ ਅਫਰੀਕਾ ਲਈ ਤਿਆਰੀ ਕਰਨੀ ਚਾਹੀਦੀ ਸੀ, ਉਸ ਸਮੇਂ ਡੇਢ ਮਹੀਨਾ ਕਮਜ਼ੋਰ ਟੀਮ ਨਾਲ ਖੇਡਣ ਦਾ ਕੋਈ ਮਤਲਬ ਨਹੀਂ ਹੈ।