ਨਾਈਜੀਰੀਆ ਦੀ ਮੁੱਕੇਬਾਜ਼ ਡੋਪਿੰਗ ਕਾਰਨ ਓਲੰਪਿਕ ਤੋਂ ਮੁਅੱਤਲ

Sunday, Jul 28, 2024 - 12:11 PM (IST)

ਨਾਈਜੀਰੀਆ ਦੀ ਮੁੱਕੇਬਾਜ਼ ਡੋਪਿੰਗ ਕਾਰਨ ਓਲੰਪਿਕ ਤੋਂ ਮੁਅੱਤਲ

ਪੈਰਿਸ- ਨਾਈਜੀਰੀਆ ਦੀ ਮੁੱਕੇਬਾਜ਼ ਸਿੰਥੀਆ ਓਗੁਨਸੇਮਿਲੋਰ ਨੂੰ ਪਾਬੰਦੀਸ਼ੁਦਾ ਡੋਪਿੰਗ ਪਦਾਰਥ ਦਾ ਸੇਵਨ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਪੈਰਿਸ ਓਲੰਪਿਕ ਖੇਡਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਟੈਸਟਿੰਗ ਏਜੰਸੀ ਦੇ ਅਨੁਸਾਰ ਅਫਰੀਕੀ ਖੇਡਾਂ ਦੀ ਲਾਈਟਵੇਟ ਚੈਂਪੀਅਨ ਓਗੁਨਸੇਮਿਲੋਰ ਦੀ ਵੀਰਵਾਰ ਨੂੰ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੇ ਪਿਸ਼ਾਬ ਵਿੱਚ ਫਿਊਰੋਸਾਈਮਾਈਡ ਪਾਇਆ ਗਿਆ। ਫੁਰੋਸੇਮਾਈਡ ਇੱਕ ਮਾਸਕਿੰਗ ਏਜੰਟ ਹੈ ਜੋ ਹੋਰ ਦਵਾਈਆਂ ਦੀ ਮੌਜੂਦਗੀ ਨੂੰ ਲੁਕਾ ਸਕਦਾ ਹੈ। ਏਜੰਸੀ ਦੇ ਅਨੁਸਾਰ ਓਗੁਨਸੇਮਿਲਰ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਹ ਓਲੰਪਿਕ ਵਿੱਚ ਹਿੱਸਾ ਨਹੀਂ ਲੈ ਸਕਦੀ ਹੈ।
22 ਸਾਲਾ ਮੁੱਕੇਬਾਜ਼ ਨੂੰ 60 ਕਿਲੋ ਭਾਰ ਵਰਗ ਵਿੱਚ ਚੌਥਾ ਦਰਜਾ ਪ੍ਰਾਪਤ ਸੀ ਅਤੇ ਉਨ੍ਹਾਂ ਨੇ ਸੋਮਵਾਰ ਨੂੰ ਆਪਣਾ ਪਹਿਲਾ ਮੈਚ ਖੇਡਣਾ ਸੀ। ਓਗੁਨਸੇਮਿਲੋਰ ਨੇ ਪਿਛਲੇ ਸਾਲ ਆਪਣੇ ਭਾਰ ਵਰਗ ਵਿੱਚ ਅਫਰੀਕੀ ਖੇਡਾਂ ਦਾ ਖਿਤਾਬ ਜਿੱਤਿਆ ਸੀ। ਉਨ੍ਹਾਂ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। ਉਹ ਡੋਪਿੰਗ ਕਾਰਨ ਪੈਰਿਸ ਓਲੰਪਿਕ ਤੋਂ ਬਾਹਰ ਹੋਣ ਵਾਲੀ ਦੂਜੀ ਖਿਡਾਰਨ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਰਾਕੀ ਜੂਡੋਕਾ ਸੱਜਾਦ ਸੇਹੇਨ ਦਾ ਟੈਸਟ ਪਾਜ਼ੀਟਿਵ ਪਾਇਆ ਗਿਆ ਸੀ।


author

Aarti dhillon

Content Editor

Related News