ਘਰੇਲੂ ਲੀਗ ’ਚ 0-6 ਨਾਲ ਹਾਰ ਜਾਣ ਤੋਂ ਬਾਅਦ ਨੇਮਾਰ ਦੀਆਂ ਅੱਖਾਂ ਵਿਚੋਂ ਛਲਕੇ ਹੰਝੂ
Tuesday, Aug 19, 2025 - 02:41 PM (IST)

ਸਾਓ ਪਾਓਲੋ– ਬ੍ਰਾਜ਼ੀਲ ਦੀ ਚੋਟੀ ਦੀ ਘਰੇਲੂ ਫੁੱਟਬਾਲ ਲੀਗ ਵਿਚ ਵਾਸਕੋ ਡਾ ਗਾਮਾ ਵਿਰੁੱਧ ਆਪਣੀ ਟੀਮ ਸੈਂਟੋਸ ਦੀ 0-6 ਦੀ ਕਰਾਰੀ ਹਾਰ ਤੋਂ ਬਾਅਦ ਧਾਕੜ ਖਿਡਾਰੀ ਨੇਮਾਰ ਆਪਣੀਆਂ ਭਾਵਨਾਵਾਂ ’ਤੇ ਕਾਬੂ ਨਹੀਂ ਰੱਖ ਸਕਿਆ ਤੇ ਮੈਦਾਨ ਵਿਚੋਂ ਬਾਹਰ ਨਿਕਲਦੇ ਸਮੇਂ ਉਸਦੀਆਂ ਅੱਖਾਂ ਵਿਚੋਂ ਹੰਝੂ ਆ ਗਏ।
ਸੈਂਟੋਸ ਨੇ ਇਸ ਹਾਰ ਤੋਂ ਬਾਅਦ ਆਪਣੇ ਕੋਚ ਕਲੇਬਰ ਜੇਵੀਅਰ ਨਾਲ ਵੀ ਕਰਾਰ ਖਤਮ ਕਰ ਦਿੱਤਾ। ਜੇਵੀਅਰ ਇਸ ਸਾਲ ਅਪ੍ਰੈਲ ਵਿਚ ਟੀਮ ਦਾ ਕੋਚ ਨਿਯੁਕਤ ਸੀ। ਸੈਂਟੋਸ ਦੀ ਟੀਮ ਇਸ ਕਰਾਰੀ ਹਾਰ ਤੋਂ ਬਾਅਦ 20 ਟੀਮਾਂ ਦੀ ਲੀਗ ਵਿਚ 15ਵੇਂ ਸਥਾਨ ’ਤੇ ਹੈ। ਟੀਮ ’ਤੇ ਰੈਲੀਗੇਸ਼ਨ (ਹੇਠਲੀ ਲੀਗ ਵਿਚ ਖਿਸਕਣਾ) ਦਾ ਖਤਰਾ ਹੈ। ਸੈਂਟੋਸ ਦੇ ਰੈਲੀਗੇਸ਼ਨ ਸਥਾਨ ’ਤੇ ਕਾਬਜ਼ ਟੀਮ ਵਿਚੋਂ ਸਿਰਫ ਦੋ ਅੰਕ ਵੱਧ ਹਨ।
33 ਸਾਲਾ ਨੇਮਾਰ ਬਾਰਸੀਲੋਨਾ ਤੇ ਪੈਰਿਸ ਸੇਂਟ ਜਰਮਨ ਵਰਗੇ ਚੋਟੀ ਦੇ ਯੂਰਪ ਕਲੱਬਾਂ ਦੀ ਪ੍ਰਤੀਨਿਧਤਾ ਕਰਨ ਤੋਂ ਬਾਅਦ ਸਾਊਦੀ ਅਰਬ ਵਿਚ ਖੇਡਿਆ ਸੀ। ਸਾਊਦੀ ਅਰਬ ਵਿਚ ਸਫਲਤਾ ਨਾ ਮਿਲਣ ਤੋਂ ਬਾਅਦ ਨੇਮਾਰ ਆਪਣੇ ਬਚਪਨ ਦੇ ਕਲੱਬ ਵਿਚ ਪਰਤਿਆ ਸੀ। ਉਸ ਨੇ ਜੂਨ ਵਿਚ ਇਸ ਕਲੱਬ ਨਾਲ ਕਰਾਰ ਵਾਧੇ ’ਤੇ ਦਸਤਖਤ ਕੀਤੇ ਹਨ, ਜਿਸ ਨਾਲ ਉਹ ਸਾਲ ਦੇ ਅੰਤ ਤੱਕ ਸੈਂਟੋਸ ਦੇ ਨਾਲ ਹੀ ਰਹੇਗਾ।