IND vs NZ WTC final: ਨਿਊਜ਼ੀਲੈਂਡ ਦੇ ਖਿਡਾਰੀਆਂ ਨੂੰ ਅਪਸ਼ਬਦ ਕਹਿਣ ਵਾਲੇ ਦਰਸ਼ਕਾਂ ਨੂੰ ਬਾਹਰ ਕੱਢਿਆ
Wednesday, Jun 23, 2021 - 11:47 AM (IST)
ਸਾਊਥੈਂਪਟਨ (ਭਾਸ਼ਾ) : ਭਾਰਤ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ 5ਵੇਂ ਦਿਨ ਨਿਊਜ਼ੀਲੈਂਡ ਦੇ ਕੁੱਝ ਖਿਡਾਰੀਆਂ ਨੂੰ ਅਪਸ਼ਬਦ ਕਹਿਣ ਵਾਲੇ 2 ਦਰਸ਼ਕਾਂ ਨੂੰ ਮੈਦਾਨ ਤੋਂ ਬਾਹਰ ਕੱਢ ਦਿੱਤਾ ਗਿਆ। ਆਈ.ਸੀ.ਸੀ. ਨੇ ਇਕ ਬਿਆਨ ਵਿਚ ਕਿਹਾ, ‘ਸਾਨੂੰ ਰਿਪੋਰਟ ਮਿਲੀ ਹੈ ਕਿ ਨਿਊਜ਼ੀਲੈਂਡ ਦੇ ਖਿਡਾਰੀਆਂ ਨੂੰ ਅਪਸ਼ਬਦ ਕਹੇ ਗਏੇ। ਸਾਡੀ ਸੁਰੱਖਿਆ ਟੀਮ ਨੇ ਦੋਸ਼ੀਆਂ ਨੂੰ ਪਛਾਣ ਲਿਆ ਅਤੇ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਕਰ ਦਿੱਤਾ ਗਿਆ।’ ਇਸ ਵਿਚ ਕਿਹਾ ਗਿਆ, ‘ਅਸੀਂ ਕ੍ਰਿਕਟ ਵਿਚ ਕਿਸੇ ਤਰ੍ਹਾਂ ਦਾ ਅਪਮਾਨਜਨਕ ਵਿਵਹਾਰ ਸਵੀਕਾਰ ਨਹੀਂ ਕਰਾਂਗੇ।’
ਈ.ਐਸ.ਪੀ.ਐਨ. ਕ੍ਰਿਕਇਨਫੋ ਮੁਤਾਬਕ ਬਲਾਕ ਐਮ ਵਿਚ ਬੈਠੇ 2 ਦਰਸ਼ਕਾਂ ਨੇ ਅਪਸ਼ਬਦ ਕਹੇ। ਇਹ ਬਲਾਕ ਟੀਮ ਹੋਟਲ ਦੇ ਬਿਲਕੁੱਲ ਹੇਠਾਂ ਹੈ। ਰਿਪੋਰਟ ਵਿਚ ਕਿਹਾ ਗਿਆ, ‘ਮੈਦਾਨ ’ਤੇ ਮੌਜੂਦ ਸੁਰੱਖਿਆਕਰਮੀ ਤੁਰੰਤ ਸਰਗਰਮ ਹੋ ਗਏ। ਕੁੱਝ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ’ਤੇ ਇਸ ਨੂੰ ਸਾਂਝਾ ਕੀਤਾ, ਜਿਸ ਤੋਂ ਬਾਅਦ ਆਈ.ਸੀ.ਸੀ. ਨੇ ਕਾਰਵਾਈ ਕੀਤੀ।’ ਸਮਝਿਆ ਜਾਂਦਾ ਹੈ ਕਿ ਕੀਵੀ ਖਿਡਾਰੀ ਰੋਸ ਟੇਲਰ ਨੂੰ ਅਪਸ਼ਬਦ ਕਹੇ ਗਏ ਸਨ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਦੀ ਨੇ ਹਾਲਾਂਕਿ ਕਿਹਾ ਕਿ ਕਿਸੇ ਕੀਵੀ ਖਿਡਾਰੀ ਨੂੰ ਇਸ ਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਵਰਚੁਅਲ ਪ੍ਰੈਸ ਕਾਨਫਰੰਸ ਵਿਚ ਕਿਹਾ, ‘ਮੈਂ ਪਹਿਲੀ ਵਾਰ ਇਹ ਸੁਣ ਰਿਹਾ ਹਾਂ। ਮੈਦਾਨ ’ਤੇ ਮੈਚ ਖੇਡ ਭਾਵਨਾ ਨਾਲ ਖੇਡਿਆ ਜਾਂਦਾ ਹੈ। ਮੈਦਾਨ ਦੇ ਬਾਹਰ ਕੀ ਹੁੰਦਾ ਹੈ, ਉਸ ਦੀ ਸਾਨੂੰ ਜਾਣਕਾਰੀ ਨਹੀਂ ਹੈ।’ ਇਸ ਤੋਂ ਪਹਿਲਾਂ ਜਨਵਰੀ ਵਿਚ ਸਿਡਨੀ ਕ੍ਰਿਕਟ ਗ੍ਰਾਊਂਡ ’ਤੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ’ਤੇ ਨਸਲੀ ਟਿੱਪਣੀ ਕਰਨ ਵਾਲੇ ਦਰਸ਼ਕਾਂ ਨੂੰ ਬਾਹਰ ਕਰ ਦਿੱਤਾ ਗਿਆ ਸੀ।