ਨਿਊਜ਼ੀਲੈਂਡ ਦੇ ਮਹਾਨ ਖਿਡਾਰੀ ਰਾਸ ਟੇਲਰ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ
Monday, Apr 04, 2022 - 07:00 PM (IST)
ਹੈਮਿਲਟਨ- ਮਹਾਨ ਕ੍ਰਿਕਟਰ ਰਾਸ ਟੇਲਰ ਨੇ ਨੀਦਰਲੈਂਡ ਦੇ ਖ਼ਿਲਾਫ਼ ਤੀਜੇ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ 'ਚ ਸੋਮਵਾਰ ਨੂੰ ਇੱਥੇ ਨਿਊਜ਼ੀਲੈਂਡ ਵਲੋਂ ਆਪਣਾ ਆਖ਼ਰੀ ਮੈਚ ਖੇਡਿਆ ਜਿਸ 'ਚ ਉਨ੍ਹਾਂ ਨੇ 14 ਦੌੜਾਂ ਬਣਾਈਆਂ ਤੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਇਸ ਦਿੱਗਜ ਨੂੰ ਸਲਾਮੀ ਦਿੱਤੀ। ਟੇਲਰ ਦਾ ਇਹ ਨਿਊਜ਼ੀਲੈਂਡ ਲਈ 450ਵਾਂ ਤੇ ਆਖ਼ਰੀ ਮੈਚ ਸੀ ਜਿਸ ਨਾਲ ਉਸ ਦੇ 16 ਸਾਲ ਦੇ ਕੌਮਾਂਤਰੀ ਕਰੀਅਰ ਦਾ ਅੰਤ ਹੋ ਗਿਆ।
ਇਹ ਵੀ ਪੜ੍ਹੋ : ਰਾਹੁਲ IPL 2022 'ਚ ਲਖਨਊ ਸੁਪਰ ਜਾਇੰਟਸ ਲਈ ਫਿਨੀਸ਼ਰ ਵੀ ਹੋ ਸਕਦੇ ਹਨ: ਗਾਵਸਕਰ
ਖਿਡਾਰੀਆਂ ਨੇ ਇੰਝ ਕੀਤਾ ਸਨਮਾਨ
ਇਸ 38 ਸਾਲਾ ਬੱਲੇਬਾਜ਼ ਨੇ ਇਸ ਸਾਲ ਦੇ ਸ਼ੁਰੂ 'ਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਆਪਣਾ ਆਖ਼ਰੀ ਟੈਸਟ ਮੈਚ ਖੇਡਿਆ ਸੀ ਪਰ ਉਹ ਆਪਣੇ ਘਰੇਲੂ ਮੈਦਾਨ ਸੇਡਨ ਪਾਰਕ 'ਤੇ ਆਖ਼ਰੀ ਮੈਚ ਖੇਡ ਕੇ ਕ੍ਰਿਕਟ ਨੂੰ ਅਲਵਿਦਾ ਕਹਿਣਾ ਚਾਹੁੰਦੇ ਸਨ। ਰਾਸ਼ਟਰਗਾਨ ਦੇ ਦੌਰਾਨ ਟੇਲਰ ਦੇ ਬੱਚੇ ਮੈਕੇਂਜੀ, ਜੋਂਟੀ ਤੇ ਐਡੀਲੇਡ ਉਨ੍ਹਾਂ ਦੇ ਨਾਲ ਖੜ੍ਹੇ ਸਨ। ਜਦੋਂ ਉਹ ਮੈਦਾਨ 'ਤੇ ਉਤਰੇ ਤੇ ਵਾਪਸ ਪਰਤੇ ਤਾਂ ਨੀਦਰਲੈਂਡ ਦੇ ਖਿਡਾਰੀਆਂ ਨੇ ਉਨ੍ਹਾਂ ਦੇ ਦੋਵੇਂ ਪਾਸੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਸਨਮਾਨਤ ਕੀਤਾ।
ਦੁਨੀਆ ਦੇ ਇਕਮਾਤਰ ਅਜਿਹੇ ਖਿਡਾਰੀ ਹਨ ਟੇਲਰ
ਟੇਲਰ ਨੇ 2006 'ਚ ਨਿਊਜ਼ੀਲੈਂਡ ਲਈ ਆਪਣਾ ਪਹਿਲਾ ਵਨ-ਡੇ ਕੌਮਾਂਤਰੀ ਮੈਚ ਖੇਡਿਆ। ਇਸ ਤੋਂ ਅਗਲੇ ਸਾਲ ਉਨ੍ਹਾਂ ਨੇ ਆਪਣਾ ਪਹਿਲਾ ਟੈਸਟ ਖੇਡਿਆ। ਉਨ੍ਹਾਂ ਨੇ 112 ਟੈਸਟ ਮੈਚਾਂ 'ਚ 19 ਸੈਂਕੜਿਆਂ ਦੀ ਮਦਦ ਨਾਲ 7,683 ਦੌੜਾਂ ਬਣਾਈਆਂ। ਟੇਲਰ ਨੇ 236 ਵਨ-ਡੇ ਕੌਮਾਂਤਰੀ ਮੈਚਾਂ 'ਚ 8,593 ਦੌੜਾਂ ਤੇ 102 ਟੀ20 ਕੌਮਾਂਤਰੀ ਮੈਚਾਂ 'ਚ 1,909 ਦੌੜਾਂ ਬਣਾਈਆਂ। ਟੇਲਰ ਦੁਨੀਆ ਦੇ ਇਕਮਾਤਰ ਖਿਡਾਰੀ ਹਨ ਜਿਨ੍ਹਾਂ ਨੇ ਤਿੰਨੇ ਫਾਰਮੈਟਸ 'ਚ 100 ਤੋਂ ਵੱਧ ਕੌਮਾਂਤਰੀ ਮੈਚ ਖੇਡੇ ਹਨ।
ਪਵੇਲੀਅਨ ਪਰਤਨ ਦੇ ਦੌਰਾਨ ਚਿਹਰੇ ਦੀ ਮੁਸਕਾਨ ਸੀ ਫਿੱਕੀ
ਉਨ੍ਹਾਂ ਨੂੰ ਆਪਣੇ ਆਖ਼ਰੀ ਮੈਚ 'ਚ ਕ੍ਰੀਜ਼ 'ਤੇ ਉਤਰਨ ਲਈ ਲੰਬਾ ਇੰਤਜ਼ਾਰ ਕਰਨਾ ਪਿਆ। ਮਾਰਟਿਨ ਗੁਪਟਿਲ ਤੇ ਵਿਲ ਯੰਗ ਦੇ ਦਰਮਿਆਨ ਦੂਜੇ ਵਿਕਟ ਲਈ 203 ਦੌੜਾਂ ਦੀ ਸਾਂਝੇਦਾਰੀ ਕਾਰਨ ਉਹ 39ਵੇਂ ਓਵਰ 'ਚ ਕ੍ਰੀਜ਼ 'ਤੇ ਉਤਰ ਸਕੇ। ਉਨ੍ਹਾਂ ਦੇ ਮੈਦਾਨ 'ਤੇ ਆਉਂਦੇ ਹੀ ਦਰਸ਼ਕਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ। ਜਦੋਂ ਉਹ 14 ਦੌੜਾਂ ਬਣਾ ਕੇ ਆਊਟ ਹੋਣ ਦੇ ਬਾਅਦ ਪਵੇਲੀਅਨ ਪਰਤ ਰਹੇ ਸਨ ਤਾਂ ਉਨ੍ਹਾਂ ਦੇ ਚਿਹਰੇ 'ਤੇ ਫਿੱਕੀ ਮੁਸਕਾਨ ਸੀ। ਇਸ ਦਰਮਿਆਨ ਦਰਸ਼ਕਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਟੇਲਰ ਦਾ ਬਿਆਨ
ਟੇਲਰ ਨੇ ਕਿਹਾ, 'ਮੈਂ ਹਮੇਸ਼ਾ ਹਾਲਾਤ ਦੇ ਮੁਤਾਬਕ ਤੇ ਚਿਹਰੇ 'ਤੇ ਮੁਸਕਾਨ ਲੈ ਕੇ ਖੇਡਿਆ। ਮੈਂ ਪੂਰੇ ਮਾਣ ਤੇ ਸਨਮਾਨ ਦੇ ਨਾਲ ਆਪਣੇ ਦੇਸ਼ ਦੀ ਨੁਮਾਇੰਦਗੀ ਕੀਤੀ। ਮੈਂ ਸ਼ੁਰੂ ਤੋਂ ਦੇਸ਼ ਲਈ ਖੇਡਣਾ ਚਾਹੁੰਦਾ ਸੀ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।