ਗੁਪਟਿਲ ਦੇ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾਇਆ

Saturday, Feb 16, 2019 - 05:52 PM (IST)

ਗੁਪਟਿਲ ਦੇ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾਇਆ

ਕ੍ਰਾਈਸਟਚਰਚ : ਮਾਰਟਿਨ ਗੁਪਟਿਲ ਦੈ ਦੂਜੇ ਸੈਂਕੜੇ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਕੇ ਵਨ ਡੇ ਕ੍ਰਿਕਟ ਸੀਰੀਜ਼ ਵਿਚ ਅਜੇਤੂ ਬੜ੍ਹਤ ਬਣਾ ਲਈ। ਪਹਿਲੇ ਮੈਚ ਵਿਚ ਅਜੇਤੂ 117 ਦੌੜਾਂ ਬਣਾਉਣ ਵਾਲੇ ਗੁਪਟਿਲ ਨੇ 118 ਦੌੜਾਂ ਦੀ ਪਾਰੀ ਖੇਡੀ। ਨਿਊਜ਼ੀਲੈਂਡ ਨੇ ਜਿੱਤ ਲਈ 227 ਦੌੜਾਂ ਦਾ ਟੀਚਾ 2 ਵਿਕਟਾਂ ਗੁਆ ਕੇ 13.5 ਓਵਰ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਭਾਰਤ ਖਿਲਾਫ ਪਿਛਲੀ ਸੀਰੀਜ਼ 4-1 ਨਾਲ ਹਾਰਨ ਵਾਲੀ ਕੀਵੀ ਟੀਮ ਲਈ ਗੁਪਟਿਲ ਦਾ ਸਭ ਤੋਂ ਵੱਧ ਸਕੋਰ 15 ਦੌੜਾਂ ਸੀ। ਬੰਗਲਾਦੇਸ਼ ਖਿਲਾਫ 88 ਗੇਂਦਾਂ ਦੀ ਆਪਣੀ ਪਾਰੀ ਵਿਚ ਉਸ ਨੇ 14 ਚੌਕੇ ਅਤੇ 4 ਛੱਕੇ ਲਾਏ। ਬੰਗਲਾਦੇਸ਼ ਨੂੰ 226 ਦੌੜਾਂ 'ਤੇ ਆਊਟ ਕਰਨ ਤੋਂ ਬਾਅਦ ਨਿਊਜ਼ੀਲੈਂਡ ਦੀ ਸ਼ੁਰੂਆਤ ਸ਼ਾਨਦਾਰ ਰਹੀ ਅਤੇ ਉਸ ਨੇ 10 ਓਵਰ ਵਿਚ ਇਕ ਵਿਕਟ ਗੁਆ ਕੇ 59 ਦੌੜਾਂ ਬਣਾ ਲਈਆਂ। 

PunjabKesari

ਨਿਊਜ਼ੀਲੈਂਡ ਦਾ ਪਹਿਲਾ ਵਿਕਟ ਹੈਨਰੀ ਨਿਕੋਲਸ (14) ਦੇ ਰੂਪ 'ਚ ਡਿੱਗਿਆ। ਇਸ ਤੋਂ ਬਾਅਦ ਕੇਨ ਵਿਲੀਅਸਨ ਅਤੇ ਗੁਪਟਿਲ ਨੇ 143 ਦੌੜਾਂ ਦੀ ਸਾਂਝੇਦਾਰੀ ਕੀਤੀ। ਗੁਪਟਿਲ ਨੂੰ 29ਵੇਂ ਓਵਰ ਵਿਚ ਮੁਸਤਫਿਜ਼ੁਰ ਰਹਿਮਾਨ ਨੇ ਲਿਟਨ ਦਾਸ ਦੇ ਹੱਥੋਂ ਕੈਚ ਕਰਾਇਆ। ਇਸ ਤੋਂ ਬਾਅਦ ਵਿਲੀਅਮਸਨ ਅਤੇ ਰੌਸ ਟੇਲਰ ਨੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਮੁਹੰਮਦ ਮਿਥੁਨ ਅਤੇ ਸ਼ਬੀਰ ਰਹਿਮਾਨ ਨੇ 6ਵੇਂ ਵਿਕਟ ਲਈ 75 ਦੌੜਾਂ ਜੋੜ ਕੇ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਨਿਊਜ਼ੀਲੈਂਡ ਲਈ ਲੋਕੀ ਫਾਰਗੁਸਨ ਨੇ 43 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਤੀਜਾ ਅਤੇ ਆਖਰੀ ਵਨ ਡੇ ਡੁਨੇਡਿਨ ਵਿਚ ਬੁੱਧਵਾਰ ਨੂੰ ਖੇਡਿਆ ਜਾਵੇਗਾ।


Related News