ਨਿਊਜ਼ੀਲੈਂਡ ਏ ਨੇ ਭਾਰਤ ਏ ਤੋਂ ਜਿੱਤੀ ਸੀਰੀਜ਼
Sunday, Jan 26, 2020 - 07:02 PM (IST)

ਕ੍ਰਾਈਸਟਚਰਚ— ਭਾਰਤ ਦੀ ਏ ਟੀਮ ਨੂੰ ਨਿਊਜ਼ੀਲੈਂਡ ਏ ਦੇ ਹੱਥੋਂ ਤੀਜੇ ਤੇ ਆਖਰੀ ਵਨ ਡੇ 'ਚ ਐਤਵਾਰ ਨੂੰ 5 ਦੌੜਾਂ ਦੀ ਰੋਮਾਂਚਕ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸਦੇ ਨਾਲ ਹੀ ਮੇਜਬਾਨ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ। ਨਿਊਜ਼ੀਲੈਂਡ ਏ ਨੇ ਮਾਕਰ ਚੈਪਮੈਨ ਦੀ ਸਿਰਫ 98 ਗੇਂਦਾਂ 'ਤੇ 10 ਚੌਕਿਆਂ ਤੇ 1 ਛੱਕੇ ਨਾਲ 110 ਦੌੜਾਂ ਦੀ ਸੈਂਕੜੇ ਵਾਲੇ ਪਾਰੀ ਤੇ ਟਾਡ ਐਸਟਲ ਦੇ 56 ਦੌੜਾਂ ਨਾਲ 50 ਓਵਰਾਂ 'ਚ 7 ਵਿਕਟਾਂ 'ਤੇ 270 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਭਾਰਤੀ ਟੀਮ ਵਲੋਂ ਈਸ਼ਾਨ ਪੋਰੇਲ ਨੇ 64 ਦੌੜਾਂ 'ਤੇ ਤਿੰਨ ਵਿਕਟਾਂ ਤੇ ਰਾਹੁਲ ਚਾਹਰ ਨੇ 49 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਏ ਟੀਮ 49.4 ਓਵਰਾਂ 'ਚ 265 ਦੌੜਾਂ 'ਤੇ ਢੇਰ ਹੋ ਗਈ। ਭਾਰਤੀ ਟੀਮ ਇਕ ਵਿਕਟ 'ਤੇ 126 ਦੌੜਾਂ ਦੀ ਵਧੀਆ ਸਥਿਤੀ ਨਾਲ ਲੜਖੜਾ ਗਈ। ਭਾਰਤ ਦੀ ਵਨ ਡੇ ਟੀਮ 'ਚ ਸ਼ਾਮਲ ਕੀਤੇ ਗਏ ਨੌਜਵਾਨ ਓਪਨਰ ਪ੍ਰਿਥਵੀ ਸ਼ਾਹ ਨੇ 38 ਗੇਂਦਾਂ 'ਚ 8 ਚੌਕਿਆਂ ਤੇ ਇਕ ਛੱਕੇ ਨਾਲ 55 ਦੌੜਾਂ, ਰਤੁਰਾਜ ਗਾਇਕਵਾੜ ਨੇ 66 ਗੇਂਦਾਂ 'ਚ 6 ਚੌਕਿਆਂ ਦੀ ਮਦਦ ਨਾਲ 44 ਦੌੜਾਂ, ਕਪਤਾਨ ਮਯੰਕ ਅਗਰਵਾਲ ਨੇ 24 ਦੌੜਾਂ, ਵਿਜੇ ਸ਼ੰਕਰ ਨੇ 19 ਦੌੜਾਂ ਤੇ ਅਕਸ਼ਰ ਪਟੇਲ ਨੇ 32 ਦੌੜਾਂ ਬਣਾਈਆਂ। ਨਿਊਜ਼ੀਲੈਂਡ ਏ ਵਲੋਂ ਕਾਈਲ ਜੈਮਿਸਨ ਨੇ 49 ਦੌੜਾਂ 'ਤੇ 4 ਵਿਕਟਾਂ, ਅਜਾਜ ਪਟੇਲ ਨੇ 44 ਦੌੜਾਂ 'ਤੇ ਤਿੰਨ ਵਿਕਟਾਂ ਤੇ ਰਚਿਨ ਨੇ 43 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ ।