ਨਵੀਂਆਂ ਆਈ.ਪੀ.ਐਲ. ਟੀਮਾਂ 3 ਤੋਂ 4 ਹਜ਼ਾਰ ਕਰੋੜ ''ਚ ਵਿਕ ਸਕਦੀਆਂ ਹਨ: ਵਾਡੀਆ

Tuesday, Oct 05, 2021 - 02:47 PM (IST)

ਨਵੀਂਆਂ ਆਈ.ਪੀ.ਐਲ. ਟੀਮਾਂ 3 ਤੋਂ 4 ਹਜ਼ਾਰ ਕਰੋੜ ''ਚ ਵਿਕ ਸਕਦੀਆਂ ਹਨ: ਵਾਡੀਆ

ਨਵੀਂ ਦਿੱਲੀ (ਭਾਸ਼ਾ)- ਪੰਜਾਬ ਕਿੰਗਜ਼ ਦੇ ਸਹਿ-ਮਾਲਕ ਨੇਸ ਵਾਡੀਆ ਦਾ ਮੰਨਣਾ ਹੈ ਕਿ 2 ਨਵੀਂਆਂ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਟੀਮਾਂ ਲਈ 2000 ਕਰੋੜ ਰੁਪਏ ਦਾ ਆਧਾਰ ਮੁੱਲ ਸਾਵਧਾਨੀ ਵਰਤਦੇ ਹੋਏ ਰੱਖਿਆ ਗਿਆ ਹੈ, ਜਿਸ ਵਿਚ ਬੋਲੀ ਦੌਰਾਨ 50-100 ਫ਼ੀਸਦੀ ਦਾ ਵਾਧਾ ਹੋਣਾ ਚਾਹੀਦਾ ਹੈ। ਦੋ ਨਵੀਆਂ ਆਈ.ਪੀ.ਐੱਲ. ਫਰੈਂਚਾਇਜ਼ੀਆਂ ਦਾ ਐਲਾਨ 25 ਅਕਤੂਬਰ ਨੂੰ ਹੋਵੇਗਾ, ਜਿਸ ਨਾਲ ਆਈ.ਪੀ.ਐੱਲ. 10 ਟੀਮਾਂ ਦਾ ਟੂਰਨਾਮੈਂਟ ਬਣੇਗਾ। ਵਾਡੀਆ ਨੇ ਕਿਹਾ ਕਿ ਦੋ ਨਵੀਆਂ ਟੀਮਾਂ ਦੇ ਸ਼ਾਮਲ ਹੋਣ ਨਾਲ ਆਈ.ਪੀ.ਐੱਲ. ਤੋਂ ਇਲਾਵਾ ਮੌਜੂਦਾ ਫ੍ਰੈਂਚਾਇਜ਼ੀਜ਼ ਵਿਚ ਵਾਧਾ ਹੋਵੇਗਾ। ਵਾਡੀਆ ਨੇ ਕਿਹਾ, 'ਇਸ ਵੇਲੇ ਘੱਟੋ-ਘੱਟ ਅਧਾਰ ਮੁੱਲ 2,000 ਕਰੋੜ ਰੁਪਏ ਹੈ, ਇਸ ਵਿਚ ਬਹੁਤ ਵਾਧਾ ਹੋਵੇਗਾ। ਆਈ.ਪੀ.ਐਲ. ਦੇ ਆਪਣੇ ਤਜ਼ਰਬੇ ਅਤੇ ਜਾਣਕਾਰੀ ਦੇ ਅਧਾਰ 'ਤੇ ਦੱਸਾਂ ਤਾਂ ਦੋ ਹਜ਼ਾਰ ਕਰੋੜ ਸਾਵਧਾਨੀ ਵਰਤਦੇ ਹੋਏ ਰੱਖਿਆ ਗਿਆ ਅੰਕੜਾ ਹੈ ਅਤੇ ਜੇਕਰ ਇਸ ਵਿਚ ਘੱਟੋ-ਘੱਟ 50 ਤੋਂ 100 ਪ੍ਰਤੀਸ਼ਤ ਵਾਧਾ ਹੁੰਦਾ ਹੈ ਤਾਂ ਮੈਂ ਹੈਰਾਨ ਨਹੀਂ ਹੋਵਾਂਗਾ। ਮੈਨੂੰ ਘੱਟੋ-ਘੱਟ ਤਿੰਨ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਉਮੀਦ ਹੈ।' ਉਨ੍ਹਾਂ ਕਿਹਾ, 'ਹਰ ਕੋਈ ਆਈ.ਪੀ.ਐੱਲ. ਦਾ ਹਿੱਸਾ ਬਣਨਾ ਚਾਹੁੰਦਾ ਹੈ ਪਰ ਕੁਝ ਹੀ ਲੋਕ ਇਸ ਦਾ ਹਿੱਸਾ ਬਣ ਸਕਦੇ ਹਨ।'

ਇਹ ਪੁੱਛੇ ਜਾਣ 'ਤੇ ਕਿ ਕੀ ਨਵੀਆਂ ਟੀਮਾਂ ਨੂੰ ਸ਼ਾਮਲ ਕਰਨ ਨਾਲ ਮੌਜੂਦਾ ਟੀਮਾਂ ਲਈ ਕੋਈ ਚਿੰਤਾ ਹੈ, ਵਾਡੀਆ ਨੇ ਕਿਹਾ, 'ਕੋਈ ਚਿੰਤਾ ਨਹੀਂ। ਇਹ ਚੰਗੀ ਗੱਲ ਹੈ ਕਿ ਦੋ ਨਵੀਆਂ ਟੀਮਾਂ ਲਿਆਂਦੀਆਂ ਜਾ ਰਹੀਆਂ ਹਨ।' ਉਨ੍ਹਾਂ ਕਿਹਾ, 'ਮੇਰਾ ਇਹ ਵੀ ਮੰਨਣਾ ਹੈ ਕਿ ਆਈ.ਪੀ.ਐੱਲ. ਚੋਟੀ ਦਾ ਟੂਰਨਾਮੈਂਟ ਹੈ ਅਤੇ ਇਸ ਵਿਚ ਸੀਮਤ ਗਿਣਤੀ ਦੀਆਂ ਟੀਮਾਂ ਹਨ, ਦੋ ਨਵੀਆਂ ਫਰੈਂਚਾਇਜ਼ੀਆਂ ਦੇ ਸ਼ਾਮਲ ਹੋਣ ਨਾਲ, ਸਾਰੀਆਂ ਫਰੈਂਚਾਇਜ਼ੀਆਂ ਦੀ ਕੀਮਤ ਵਿਚ ਵਾਧਾ ਹੋਵੇਗਾ। 10 ਟੀਮਾਂ ਹੋਣ ਨਾਲ ਆਈ.ਪੀ.ਐੱਲ. ਦਾ ਵਿਸਥਾਰ ਹੋਵੇਗਾ।' ਵਾਡੀਆ ਦਾ ਮੰਨਣਾ ਹੈ ਕਿ ਨਵੀਆਂ ਟੀਮਾਂ ਦੇ ਆਉਣ ਨਾਲ ਆਈ.ਪੀ.ਐੱਲ. ਹੋਰ ਮਜ਼ਬੂਤ ਬਣੇਗਾ। ਉਨ੍ਹਾਂ ਕਿਹਾ, 'ਆਈ.ਪੀ.ਐੱਲ. ਬੀ.ਸੀ.ਸੀ.ਆਈ. ਦੇ ਤਾਜ ਦਾ ਹੀਰਾ ਹੈ ਅਤੇ ਇਸ ਲਈ ਇਸ ਹੀਰੇ ਦੀ ਕੀਮਤ ਸਹੀ ਹੋਣੀ ਚਾਹੀਦੀ ਹੈ। ਸਿਰਫ਼ ਦੋ ਨਵੀਆਂ ਟੀਮਾਂ ਹੋ ਸਕਦੀਆਂ ਹਨ, ਇਸ ਲਈ ਆਪਣੇ ਆਪ ਹੀ ਮੌਜੂਦਾ ਫ੍ਰੈਂਚਾਇਜ਼ੀ ਦਾ ਮੁੱਲ ਵੀ ਵਧੇਗਾ। ਵਾਡੀਆ ਨੇ ਕਿਹਾ, 'ਇਹ ਇਕ ਅਜਿਹੀ ਸਥਿਰ ਸੰਪਤੀ ਹੈ ਜਿਸਦਾ ਮੁੱਲ ਨਾ ਸਿਰਫ਼ ਹਰ ਸਾਲ ਵਧੇਗਾ, ਸਗੋਂ ਨਿਰੰਤਰ ਅਧਾਰ 'ਤੇ ਸਾਲਾਨਾ ਮਾਲੀਆ ਵੀ ਮਿਲੇਗਾ।'

ਉਸ ਨੇ ਕਿਹਾ, 'ਤੁਹਾਨੂੰ ਹਰ ਸਾਲ 250 ਤੋਂ 300 ਕਰੋੜ ਰੁਪਏ ਮਿਲ ਰਹੇ ਹਨ ਅਤੇ ਸੰਪਤੀਆਂ ਦੇ ਮੁੱਲ ਵਿਚ ਵਾਧੇ ਤੋਂ ਇਲਾਵਾ, ਇਹ ਪੈਸਾ ਸਿੱਧਾ ਤੁਹਾਡੀ ਜੇਬ ਵਿਚ ਆ ਰਿਹਾ ਹੈ।' ਨਵੀਂ ਟੀਮ ਆਪਣੀ ਟੀਮ ਦੇ ਚਿਹਰੇ ਲਈ ਭਾਰਤ ਦੇ ਸਟਾਰ ਖਿਡਾਰੀਆਂ ਨੂੰ ਸ਼ਾਮਲ ਕਰਨਾ ਚਾਹੇਗੀ। ਇਸ ਦੇ ਲਈ 2022 ਦੇ ਸੀਜ਼ਨ ਤੋਂ ਪਹਿਲਾਂ ਦੀ ਵੱਡੀ ਨਿਲਾਮੀ ਮਹੱਤਵਪੂਰਨ ਹੋਵੇਗੀ, ਜਿਸ ਵਿਚ ਕਈ ਭਾਰਤੀ ਅਤੇ ਵਿਦੇਸ਼ੀ ਖਿਡਾਰੀ ਨਿਲਾਮੀ ਲਈ ਉਤਰਨਗੇ। ਖਿਡਾਰੀਆਂ ਦੇ ਰਿਟੇਨ ਅਤੇ ਰਾਈਟ-ਟੂ-ਮੈਚ ਕਾਰਡ ਦੇ ਸੰਬੰਧ ਵਿਚ ਵਾਡੀਆ ਨੇ ਉਮੀਦ ਜਤਾਈ ਕਿ ਬੀ.ਸੀ.ਸੀ.ਆਈ. ਸਾਰੇ ਪ੍ਰਤੀਭਾਗੀਆਂ ਦੇ ਲਈ ਚੀਜ਼ਾਂ ਨੂੰ ਸਹੀ ਰੱਖੇਗਾ। ਆਈ.ਪੀ.ਐੱਲ. ਵਿਦੇਸ਼ਾਂ ਵਿਚ ਵੀ ਆਪਣੇ ਪੈਰ ਪਸਾਰ ਰਿਹਾ ਹੈ, ਖਾਸ ਕਰਕੇ ਕੈਰੇਬੀਅਨ ਪ੍ਰੀਮੀਅਰ ਲੀਗ ਵਿਚ ਜਿੱਥੇ ਤਿੰਨ ਟੀਮਾਂ - ਸੇਂਟ ਲੂਸੀਆ, ਤ੍ਰਿਨੀਦਾਦ ਐਂਡ ਟੋਬੈਗੋ ਅਤੇ ਬਾਰਬਾਡੋਸ ਦੀ ਮਲਕੀਅਤ ਆਈ.ਪੀ.ਐੱਲ. ਟੀਮ ਦੇ ਮਾਲਕਾਂ ਕੋਲ ਹੈ। ਸੇਂਟ ਲੂਸੀਆ ਫ੍ਰੈਂਚਾਇਜ਼ੀ ਦੀ ਮਾਲਕੀ ਪੰਜਾਬ ਕਿੰਗਜ਼ ਕੋਲ ਹੈ ਅਤੇ ਵਾਡੀਆ ਹੈਰਾਨ ਨਹੀਂ ਹੋਵੇਗੀ ਜੇਕਰ ਆਈ.ਪੀ.ਐੱਲ. ਦੀਆਂ ਹੋਰ ਟੀਮਾਂ ਵੀ ਇਹੀ ਰਸਤਾ ਅਪਣਾਉਂਦੀਆਂ ਹਨ।


author

cherry

Content Editor

Related News