ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਦੀ ਨਜ਼ਰ ਹੁਣ ਓਲੰਪਿਕ ਰਿਕਾਰਡ ''ਤੇ

Thursday, Sep 16, 2021 - 12:12 PM (IST)

ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਦੀ ਨਜ਼ਰ ਹੁਣ ਓਲੰਪਿਕ ਰਿਕਾਰਡ ''ਤੇ

ਕੋਲਕਾਤਾ (ਭਾਸ਼ਾ) - ਭਾਰਤ ਦੇ ਜੈਵਲਿਨ ਥ੍ਰੋਅਰ ਸਟਾਰ ਨੀਰਜ ਚੋਪੜਾ ਨੇ ਬੁੱਧਵਾਰ ਨੂੰ ਕਿਹਾ ਕਿ ਟੋਕੀਓ ਓਲੰਪਿਕ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਨਜ਼ਰ ਓਲੰਪਿਕ ਰਿਕਾਰਡ ਤੋੜਨ 'ਤੇ ਟਿਕੀ ਹੈ। ਨੀਰਜ ਦਾ ਨਿੱਜੀ ਸਰਬੋਤਮ ਪ੍ਰਦਰਸ਼ਨ 88.07 ਮੀਟਰ ਹੈ। ਉਨ੍ਹਾਂ ਨੇ ਟੋਕੀਓ ਖੇਡਾਂ ਵਿਚ 87.58 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਮਗਾ ਜਿੱਤਿਆ। ਓਲੰਪਿਕ ਰਿਕਾਰਡ ਆਂਦਰੇਅਸ ਥੌਰਕਿਲਡਸਨ ਦੇ ਨਾਂ ਹੈ, ਜਿਸਨੇ 2008 ਵਿਚ ਬੀਜਿੰਗ ਵਿਚ 90.57 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਮਗਾ ਜਿੱਤਿਆ ਸੀ। ਨੀਰਜ ਨੇ ਕਿਹਾ ਕਿ ਇਕ ਹੋਰ ਉਪਲੱਬਧੀ ਹਾਸਲ ਕਰਨਾ ਸ਼ਾਨਦਾਰ ਹੋਵੇਗਾ।

ਓਲੰਪਿਕ ਵਿਚ ਐਥਲੈਟਿਕਸ ਦਾ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ 23 ਸਾਲਾ ਨੀਰਜ ਨੇ ਪਹਿਲੀ ਵਾਰ ਕੋਲਕਾਤਾ ਫੇਰੀ ਦੌਰਾਨ ਕਿਹਾ, 'ਓਲੰਪਿਕ ਸੋਨ ਤਮਗਾ ਸਰਵਉੱਚ ਹੁੰਦਾ ਹੈ ਪਰ ਐਥਲੈਟਿਕਸ ਵਿਚ ਤੁਸੀਂ ਇਕ ਹੋਰ ਚੀਜ਼ ਆਪਣੇ ਸੋਨ ਤਮਗੇ ਵਿਚ ਜੋੜ ਸਕਦੇ ਹੋ - ਓਲੰਪਿਕ ਰਿਕਾਰਡ।' ਆਪਣੇ ਟੀਚੇ ਬਾਰੇ ਗੱਲ ਕਰਦਿਆਂ, ਉਨ੍ਹਾਂ ਕਿਹਾ, '88.07 ਮੀਟਰ ਦੇ ਨਾਲ ਰਾਸ਼ਟਰੀ ਰਿਕਾਰਡ ਮੇਰੇ ਨਾਮ ਹੈ, ਜਦੋਂਕਿ ਓਲੰਪਿਕ ਰਿਕਾਰਡ 90.57 ਮੀਟਰ ਹੈ। ਜੇਕਰ ਮੈਂ ਇਕ ਕਦਮ ਹੋਰ ਅੱਗੇ ਵੱਧ ਪਾਉਂਦਾ ਤਾਂ ਇਹ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ ਅਤੇ ਓਲੰਪਿਕ ਰਿਕਾਰਡ ਦੇ ਨਾਲ ਸੋਨ ਤਮਗਾ ਹੁੰਦਾ।' ਨੀਰਜ ਇੱਥੇ ਇਕ ਨਿੱਜੀ ਸਨਮਾਨ ਸਮਾਰੋਹ ਲਈ 2  ਦਿਨਾਂ ਦੌਰੇ 'ਤੇ ਆਏ ਹੋਏ ਹਨ। ਕੋਲਕਾਤਾ ਪੁਲਸ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ।

ਉਨ੍ਹਾਂ ਕਿਹਾ 'ਮੈਂ ਹਰ ਰੋਜ਼ ਨਵੇਂ ਲੋਕਾਂ ਨੂੰ ਮਿਲ ਰਿਹਾ ਹਾਂ, ਬਹੁਤ ਸਾਰੇ ਸਮਾਗਮਾਂ ਵਿਚ ਹਿੱਸਾ ਲੈ ਰਿਹਾ ਹਾਂ। ਸਭ ਤੋਂ ਵੱਡੀ ਤਬਦੀਲੀ ਮੈਨੂੰ ਓਲੰਪਿਕ ਵਿਚ ਸ਼ਾਮਲ ਖੇਡਾਂ ਲਈ ਨਜ਼ਰ ਆਈ। ਮੈਨੂੰ ਪਤਾ ਸੀ ਕਿ ਦੇਸ਼ ਵਾਪਸ ਪਰਤਣ 'ਤੇ ਵੱਖਰਾ ਮਾਹੌਲ ਹੋਵੇਗਾ।' ਰੁਝੇ ਹੋਏ ਪ੍ਰੋਗਰਾਮ ਕਾਰਨ ਨੀਰਜ 2021 ਸੀਜ਼ਨ ਵਿਚ ਕਿਸੇ ਹੋਰ ਟੂਰਨਾਮੈਂਟ ਵਿਚ ਹਿੱਸਾ ਨਹੀਂ ਲੈਣਗੇ। ਨੀਰਜ ਨੇ ਕਿਹਾ ਕਿ ਅਗਲੇ ਸਾਲ ਵਿਸ਼ਵ ਚੈਂਪੀਅਨਸ਼ਿਪ, ਰਾਸ਼ਟਰਮੰਡਲ ਖੇਡਾਂ ਅਤੇ ਡਾਈਮੰਡ ਲੀਗ ਦੇ ਰੂਪ ਵਿਚ ਤਿੰਨ ਮਹੱਤਵਪੂਰਨ ਮੁਕਾਬਲੇ ਹਨ। ਉਨ੍ਹਾਂ ਕਿਹਾ, 'ਮੈਂ ਛੇਤੀ ਹੀ ਸਿਖਲਾਈ ਸ਼ੁਰੂ ਕਰਾਂਗਾ ਅਤੇ ਫਿਰ ਅਸਲ ਟੀਚੇ ਉੱਤੇ ਧਿਆਨ ਕੇਂਦਰਤ ਕਰਾਂਗਾ।' ਨੀਰਜ ਨੂੰ ਪਹਿਲਾਂ ਬੰਗਾਲ ਦੇ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਮਨੋਜ ਤਿਵਾੜੀ ਨੇ ਸਨਮਾਨਿਤ ਕੀਤਾ।


author

cherry

Content Editor

Related News