ਨੀਰਜ ਚੋਪੜਾ ਨੂੰ ਸੈਸ਼ਨ ਦੇ ਪਹਿਲੇ ਡਾਇਮੰਡ ਲੀਗ ਮੀਟ ''ਚ ਮਿਲੇਗੀ ਸਖ਼ਤ ਚੁਣੌਤੀ
Sunday, Jun 26, 2022 - 12:35 PM (IST)

ਨਵੀਂ ਦਿੱਲੀ- ਓਲੰਪਿਕ 'ਚ ਜੈਵਲਿਨ ਥ੍ਰੋਅ ਦੇ ਗੋਲਡ ਮੈਡਲਿਸਟ ਨੀਰਜ ਚੋਪੜਾ ਨੂੰ ਸਟਾਕਹੋਮ 'ਚ 30 ਜੂਨ ਨੂੰ ਵੱਕਾਰੀ ਡਾਇਮੰਡ ਲੀਗ ਮੀਟ ਵਿਚ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਇਸ ਟੂਰਨਾਮੈਂਟ ਨਾਲ ਉਨ੍ਹਾਂ ਨੂੰ ਅਗਲੇ ਮਹੀਨੇ ਅਮਰੀਕਾ ਦੇ ਯੂਜੀਨ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਬਾਰੇ ਵੀ ਪਤਾ ਲੱਗੇਗਾ।
ਟੋਕੀਓ ਓਲੰਪਿਕ ਵਿਚ ਗੋਲਡ ਮੈਡਲ ਜਿੱਤਣ ਵਾਲੇ 24 ਸਾਲ ਦੇ ਨੀਰਜ ਨੇ ਇਸ ਸੈਸ਼ਨ ਵਿਚ ਚੰਗੀ ਸ਼ੁਰੂਆਤ ਕੀਤੀ। ਫਿਨਲੈਂਡ 'ਚ ਕੁਓਰਟੇਨ ਖੇਡਾਂ ਵਿਚ 18 ਜੂਨ ਨੂੰ ਸੈਸ਼ਨ ਦੀ ਆਪਣੀ ਪਹਿਲੀ ਜਿੱਤ ਹਾਸਲ ਕਰਨ ਤੋਂ ਬਾਅਦ ਉਹ ਆਤਮਵਿਸ਼ਵਾਸ ਨਾਲ ਸਵੀਡਨ ਦੀ ਰਾਜਧਾਨੀ ਪੁੱਜਣਗੇ। ਇਸ ਮਹੀਨੇ ਉਨ੍ਹਾਂ ਨੇ ਗ੍ਰੇਨਾਡਾ ਦੇ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਨੂੰ ਦੋ ਵਾਰ ਹਰਾਇਆ ਹੈ।
ਇਸ ਭਾਰਤੀ ਸੁਪਰ ਸਟਾਰ ਨੇ 14 ਜੂਨ ਨੂੰ ਫਿਨਲੈਂਡ ਦੇ ਤੁਰਕੂ ਵਿਚ ਪਾਵੋ ਨੂਰਮੀ ਖੇਡਾਂ ਵਿਚ 89.30 ਮੀਟਰ ਦੇ ਰਾਸ਼ਟਰੀ ਰਿਕਾਰਡ ਥ੍ਰੋਅ ਨਾਲ ਸੈਸ਼ਨ ਦੀ ਆਪਣੀ ਪਹਿਲੀ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਿਆ ਸੀ। ਸਟਾਕਹੋਮ ਵਿਚ ਪ੍ਰਤੀਯੋਗੀਆਂ ਦੀ ਸੂਚੀ ਵਿਚ ਪੀਟਰਸ ਦਾ ਨਾਂ ਹੈ ਪਰ ਦੋਹਾ ਡਾਇਮੰਡ ਲੀਗ ਵਿਚ 93.07 ਮੀਟਰ ਦੀ ਸ਼ਾਨਦਾਰ ਕੋਸ਼ਿਸ਼ ਨਾਲ ਸੈਸ਼ਨ ਦਾ ਸਰਬੋਤਮ ਪ੍ਰਦਰਸ਼ਨ ਕਰਨ ਵਾਲਾ ਇਹ ਖਿਡਾਰੀ ਲੈਅ ਵਿਚ ਨਹੀਂ ਹੈ।