ਅਸ਼ਵਿਨ ਵਿਰੁੱਧ ਸਰਗਰਮ ਰਹਿਣ ਦੀ ਲੋੜ : ਸਮਿਥ

Monday, Nov 18, 2024 - 11:21 AM (IST)

ਮੈਲਬੋਰਨ– ਆਸਟ੍ਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ ਨੂੰ 2020-21 ਲੜੀ ਦੌਰਾਨ ਭਾਰਤੀ ਸਪਿਨਰ ਆਰ. ਅਸ਼ਵਿਨ ਵਿਰੁੱਧ ਕਾਫੀ ਸੰਘਰਸ਼ ਕਰਨਾ ਪਿਆ ਸੀ ਪਰ ਹੁਣ ਉਹ ਆਗਾਮੀ ਬਾਰਡਰ-ਗਾਵਸਕਰ ਟਰਾਫੀ ਵਿਚ ਭਾਰਤ ਦੇ ਅਣਸੁਲਝੇ ਸਪਿਨਰ ਵਿਰੁੱਧ ਸਰਗਰਮ ਰਵੱਈਆ ਅਪਣਾਉਣਾ ਚਾਹੁੰਦਾ ਹੈ। ਅਸ਼ਵਿਨ ਨੇ ਉਸ ਲੜੀ ਵਿਚ ਸਮਿਥ ਨੂੰ 3 ਵਾਰ ਆਊਟ ਕੀਤਾ ਸੀ। ਇਸ ਭਾਰਤੀ ਆਫ ਸਪਿਨਰ ਨੇ 2023 ਵਿਚ ਵੀ ਆਸਟ੍ਰੇਲੀਆ ਦੇ ਇਸ ਸਾਬਕਾ ਕਪਤਾਨ 2 ਵਾਰ ਆਊਟ ਕੀਤਾ ਸੀ। ਸਮਿਥ ਇਸ ਦੌਰਾਨ ਅਸ਼ਵਿਨ ਵਿਰੁੱਧ ਸਿਰਫ 22 ਦੌੜਾਂ ਹੀ ਬਣਾ ਸਕਿਆ ਸੀ।

ਸਮਿਥ ਨੇ ਕਿਹਾ, ‘‘ਆਸਟ੍ਰੇਲੀਆ ਵਿਚ ਆਫ ਸਪਿਨ ਵਿਰੁੱਧ ਆਊਟ ਹੋਣਾ ਉਸ ਨੂੰ ਪਸੰਦ ਨਹੀਂ ਹੈ। ਅਸ਼ਵਿਨ ਹਾਲਾਂਕਿ ਬਹੁਤ ਚੰਗਾ ਗੇਂਦਬਾਜ਼ ਹੈ ਤੇ ਉਸਦੀਆਂ ਯੋਜਨਾਵਾਂ ਸ਼ਾਨਦਾਰ ਹੁੰਦੀਆਂ ਹਨ। ਕਈ ਵਾਰ ਕੁਝ ਅਜਿਹੇ ਮੌਕੇ ਵੀ ਆਏ ਜਦੋਂ ਉਹ ਮੇਰੇ ’ਤੇ ਦਬਦਬਾ ਬਣਾਉਣ ਵਿਚ ਸਫਲ ਰਿਹਾ।’’

ਸਮਿਥ ਨੇ ਕਿਹਾ,‘‘ਐੱਸ. ਸੀ. ਜੀ. (ਸਿਡਨੀ ਕ੍ਰਿਕਟ ਗਰਾਊਂਡ) ਵਿਚ ਮੈਂ ਸਰਗਰਮ ਰਵੱਈਆ ਅਪਣਾ ਕੇ ਉਸ ’ਤੇ ਹਾਵੀ ਹੋਣ ਵਿਚ ਸਫਲ ਰਿਹਾ। ਅਜਿਹੇ ਵਿਚ ਮੇਰੇ ਲਈ ਇਹ ਅਹਿਮ ਹੈ ਕਿ ਉਸਦੇ ਵਿਰੁੱਧ ਸਰਗਰਮ ਬੱਲੇਬਾਜ਼ੀ ਕਰ ਕੇ ਉਸ ਨੂੰ ਲੈਅ ਹਾਸਲ ਤੇ ਉਸ ਤਰ੍ਹਾਂ ਨਾਲ ਗੇਂਦਬਾਜ਼ੀ ਨਾ ਕਰਨ ਦੇਵਾਂ, ਜਿਸ ਤਰ੍ਹਾਂ ਨਾਲ ਉਹ ਚਾਹੁੰਦਾ ਹੈ।’’

ਆਸਟ੍ਰੇਲੀਆ ਵਿਚ ਅਸ਼ਵਿਨ ਦੀ ਟੈਸਟ ਗੇਂਦਬਾਜ਼ੀ ਔਸਤ 42.15 ਹੈ ਜਦਕਿ ਉਸਦੀ ਘਰੇਲੂ ਔਸਤ 21.57 ਹੈ। ਸਮਿਥ ਨੂੰ ਉਮੀਦ ਹੈ ਕਿ 22 ਨਵੰਬਰ ਤੋਂ ਪਰਥ ਵਿਚ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਲੜੀ ਵਿਚ ਉਹ ਇਸ 38 ਸਾਲਾ ਗੇਂਦਬਾਜ਼ ਵਿਰੁੱਧ ਸ਼ੁਰੂਆਤੀ ਬੜ੍ਹਤ ਹਾਸਲ ਕਰਨ ਵਿਚ ਸਫਲ ਰਹੇਗਾ। ਤਾਮਿਲਨਾਡੂ ਦੇ ਇਸ ਖਿਡਾਰੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਸ ਨੇ ਸਮਿਥ ਵਿਰੁੱਧ ਕੁਝ ਯੋਜਨਾਵਾਂ ਬਣਾਈਆਂ ਹਨ।

ਅਸ਼ਵਿਨ ਨੇ ਕਿਹਾ ਸੀ, ‘‘ਸਟੀਵ ਸਮਿਥ ਸਪਿਨ ਵਿਰੁੱਧ ਇਕ ਖਿਡਾਰੀ ਦੇ ਰੂਪ ਵਿਚ ਵਿਸ਼ੇਸ਼ ਰੂਪ ਨਾਲ ਖਿੱਚ ਦਾ ਕੇਂਦਰ ਹੈ। ਉਸਦੇ ਕੋਲ ਇਕ ਅਨੋਖੀ ਤਕਨੀਕ ਹੈ, ਇੱਥੋਂ ਤੱਕ ਕੇ ਤੇਜ਼ ਗੇਂਦਬਾਜ਼ੀ ਨੂੰ ਖੇਡਣ ਦੀ ਵੀ।’’ਉਸ ਨੇ ਕਿਹਾ, ‘‘ਪਰ ਸਪਿਨ ਦੇ ਮਾਮਲੇ ਵਿਚ ਮੈਨੂੰ ਲੱਗਦਾ ਹੈ ਕਿ ਉਹ ਚੰਗੀ ਰਣਨੀਤੀ ਤੇ ਚੰਗੀ ਤਿਆਰੀ ਦੇ ਨਾਲ ਆਇਆ ਸੀ ਤੇ ਹਾਂ, ਉਹ ਇਸ ਨੂੰ ਕਿਸੇ ਵੀ ਹਾਲਾਤ ਵਿਚ ਲਾਗੂ ਕਰਦਾ ਸੀ ਤੇ ਪਿਛਲੇ ਕੁਝ ਸਾਲਾਂ ਵਿਚ ਮੈਂ ਇਸ ਨੂੰ ਸਮਝਣ ਦੇ ਤਰੀਕੇ ਤੇ ਸਾਧਨ ਲੱਭ ਲਏ ਹਨ।’’

ਆਸਟਰੇਲੀਆ ਦੇ ਸਮਿਥ ਨੇ ਕਿਹਾ, ‘‘ਅਸ਼ਵਿਨ ਦਾ ਮੁਕਾਬਲਾ ਕਰਦੇ ਸਮੇਂ ਤੁਹਾਨੂੰ ਮਾਨਸਿਕ ਚੁਣੌਤੀ ਨਾਲ ਨਜਿੱਠਣਾ ਪੈਂਦਾ ਹੈ। ਲੜੀ ਦੀ ਸ਼ੁਰੂਆਤ ਵਿਚ ਜਿਹੜਾ ਕੋਈ ਇਕ ਦਬਦਬਾ ਬਣਾਉਣ ਵਿਚ ਸਫਲ ਰਹੇਗਾ , ਉਹ ਹਾਵੀ ਹੋ ਸਕਦਾ ਹੈ।’’ 35 ਸਾਲਾ ਸਮਿਥ 10,000 ਟੈਸਟ ਦੌੜਾਂ ਬਣਾਉਣ ਤੋਂ 315 ਦੌੜਾਂ ਦੂਰ ਹੈ। ਉਹ ਭਾਰਤ ਵਿਰੁੱਧ ਲੜੀ ਵਿਚ ਆਪਣੇ ਪਸੰਦੀਦਾ ਚੌਥੇ ਕ੍ਰਮ ’ਤੇ ਬੱਲੇਬਾਜ਼ੀ ਵਿਚ ਵਾਪਸੀ ਕਰੇਗਾ। ਸਮਿਥ ਨੇ ਪਿਛਲੇ 4 ਟੈਸਟਾਂ ਵਿਚ ਪਾਰੀ ਦਾ ਆਗਾਜ਼ ਕੀਤਾ ਸੀ ਪਰ ਉਹ ਇਸ ਵਿਚ ਸਫਲ ਨਹੀਂ ਰਿਹਾ।


Tarsem Singh

Content Editor

Related News