ਬਾਸਕਟਬਾਲ ਦੇ ਗੜ੍ਹ ਸੀਕਰ ਦੇ 3 ਉਭਰਦੇ ਹੁਨਰਮੰਦ ਖਿਡਾਰੀ ਐੱਨ. ਬੀ. ਏ. ਦੀ ਟੀਮ ''ਚ

02/17/2020 4:41:03 PM

ਸਪੋਰਟਸ ਡੈਸਕ— ਰਾਜਸਥਾਨ ਦਾ ਸੀਕਰ ਜ਼ਿਲਾ ਬਾਸਕਟਬਾਲ ਦਾ ਗੜ੍ਹ ਮੰਨਿਆ ਜਾਂਦਾ ਹੈ। ਪਿਛਲੇ ਮਹੀਨੇ ਰਾਜਸਥਾਨ ਨੇ ਖੇਲੋਇੰਡੀਆ ਅੰਡਰ-17 ਦਾ ਗੋਲਡ ਮੈਡਲ ਜਿੱਤਿਆ ਸੀ। ਟੀਮ 'ਚ ਤਿੰਨ ਖਿਡਾਰੀ ਸੀਕਰ ਦੇ ਸਨ। ਇੱਥੋਂ ਦੇ ਬਾਸਕਟਬਾਲ ਦੇ ਕਰੀਬ 25-30 ਖਿਡਾਰੀ ਕੌਮਾਂਤਰੀ, 80-90 ਖਿਡਾਰੀ ਨੈਸ਼ਨਲ ਖੇਡ ਚੁੱਕੇ ਹਨ। ਸੀਕਰ ਦੇ ਤਿੰਨ ਖਿਡਾਰੀ ਲੋਕੇਂਦਰ ਸਿੰਘ, ਜਤਿੰਦਰ ਸ਼ਰਮਾ ਅਤੇ ਜੈਦੀਪ ਰਾਠੌੜ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨ. ਬੀ. ਏ.) ਦੀ ਗ੍ਰੇਟਰ ਨੋਇਡਾ ਸਥਿਤ ਅਕੈਡਮੀ 'ਚ ਟ੍ਰੇਨਿੰਗ ਲੈ ਰਹੇ ਹਨ। ਤਿੰਨਾਂ ਖਿਡਾਰੀਆਂ ਨੂੰ ਐੱਨ. ਬੀ. ਏ. ਨੇ ਟੀਮ 'ਚ ਚੁਣਿਆ ਹੈ। ਇਹ ਟੀਮ ਯੂਰਪ ਟੂਰ 'ਤੇ ਗਈ । ਇਨ੍ਹਾਂ ਖਿਡਾਰੀਆਂ ਨੇ ਪੈਰਿਸ 'ਚ ਟ੍ਰੇਨਿੰਗ ਲਈ ਅਤੇ ਫਿਰ ਬੁਡਾਪੇਸਟ 'ਚ ਮੁਕਾਬਲੇ 'ਚ ਖੇਡੇ।

ਆਓ ਤੁਹਾਨੂੰ ਦਸਦੇ ਹਾਂ ਇਨ੍ਹਾਂ ਉਭਰਦੇ ਹੋਏ ਧਾਕੜ ਬਾਸਕਟਬਾਲ ਖਿਡਾਰੀਆਂ ਬਾਰੇ :-

1. ਲੋਕੇਂਦਰ :  16 ਸਾਲਾ ਦੇ ਲੋਕੇਂਦਰ ਦੇ ਪਿਤਾ ਨਾਗਾਲੈਂਡ 'ਚ ਫੌਜ 'ਚ ਪੋਸਟੇਡ ਹਨ। 6.2 ਫੁੱਟ ਲੰਬੇ ਲੋਕੇਂਦਰ ਦਸਦੇ ਹਨ, ''ਮੇਰਾ ਸਫਰ ਚਾਰ ਸਾਲ ਪਹਿਲਾਂ ਸੀਕਰ ਤੋਂ ਸ਼ੁਰੂ ਹੋਇਆ। ਤਿੰਨ ਸਾਲ ਖੇਲੋ ਇੰਡੀਆ 'ਚ ਖੇਡਿਆ। ਤਿੰਨ ਸਾਲ ਪਹਿਲਾਂ ਸਬ ਜੂਨੀਅਰ ਨੈਸ਼ਨਲ ਦੇ ਦੌਰਾਨ ਟੈਲੰਟ ਹੰਟ ਤੋਂ ਐੱਨ. ਬੀ. ਏ. ਅਕੈਡਮੀ 'ਚ ਚੁਣਿਆ ਗਿਆ। ਅਕੈਡਮੀ 'ਚ ਖੇਡ ਦੇ ਨਾਲ-ਨਾਲ ਪੜ੍ਹਾਈ 'ਤੇ ਵੀ ਫੋਕਸ ਹੁੰਦਾ ਹੈ। ਮੈਂ ਹੰਗਰੀ, ਪੈਰਿਸ, ਅਮਰੀਕਾ ਜਾ ਚੁੱਕਾ ਹਾਂ। ਉੱਥੋਂ ਦੇ ਖਿਡਾਰੀਆਂ ਦੇ ਮੈਚ ਵੀ ਦੇਖੇ ਜੋ ਕਿ ਅਲਗ ਹੀ ਤਜਰਬਾ ਸੀ।

2. ਜਤਿੰਦਰ : ਸੀਕਰ ਤੋਂ 50 ਕਿਲੋਮੀਟਰ ਦੂਰ ਦਾਤਾ ਰਾਮਗੜ੍ਹ ਦੇ ਜਤਿੰਦਰ ਦੇ ਪਿਤਾ ਦੀ ਕੱਪੜੇ ਦੀ ਦੁਕਾਨ ਹੈ। 6.7 ਫੁੱਟ ਲੰਬੇ ਜਤਿੰਦਰ ਕਹਿੰਦੇ ਹਨ, ''ਮੈਂ ਇਕ ਸਾਲ ਪਹਿਲਾਂ ਹੀ ਅਕੈਡਮੀ 'ਚ ਆਇਆ ਹਾਂ। ਟ੍ਰੇਨਿੰਗ ਲਈ ਕਈ ਵਿਦੇਸ਼ੀ ਕੋਚ ਹਨ। ਸਮੇਂ-ਸਮੇਂ 'ਤੇ ਐੱਨ. ਬੀ. ਏ. ਦੇ ਸਟਾਰ ਵੀ ਅਕੈਡਮੀ 'ਚ ਆਉਂਦੇ ਰਹਿੰਦੇ ਹਨ। ਪੈਰਿਸ ਦਾ ਤਜਰਬਾ ਬਹੁਤ ਅਲਗ ਸੀ। ਮੈਂ ਪਹਿਲੀ ਵਾਰ ਵਿਦੇਸ਼ ਗਿਆ ਸੀ। ਟੀਮ 'ਚ ਅਲਗ-ਅਲਗ ਦੇਸ਼ਾਂ ਦੇ ਖਿਡਾਰੀ ਸਨ। ਦੇਸ਼ ਲਈ ਖੇਡਣਾ ਸੁਪਨਾ ਹੈ।''

3. ਜੈਦੀਪ : 5.11 ਫੁੱਟ ਲੰਬੇ ਜੈਦੀਪ ਦੇ ਪਿਤਾ ਰੇਡੀਓ ਸਟੇਸ਼ਨ 'ਚ ਟੈਕਨੀਸ਼ੀਅਨ ਹਨ। ਜੈਦੀਪ ਦਾ ਸਫਰ ਵੀ ਸੀਕਰ 'ਚ ਸ਼ਰੂ ਹੋਇਆ। ਉਹ ਕਹਿੰਦੇ ਹਨ, ''ਘਰ 'ਚ ਸਭ ਤੋਂ ਲੰਬਾ ਸੀ ਅਤੇ ਲੋਕਾਂ ਨੇ ਬਾਸਕਟਬਾਲ ਖੇਡਣ ਨੂੰ ਕਿਹਾ। ਸਕੂਲ ਤੋਂ ਨੈਸ਼ਨਲ ਖੇਡਿਆ। ਖੇਲੋ ਇੰਡੀਆ 'ਚ ਗੋਲਡ ਮੈਡਲਿਸਟ ਰਿਹਾ। ਐੱਨ. ਬੀ. ਏ. ਅਕੈਡਮੀ 'ਚ ਚੋਣ ਹੋਈ। ਅਸੀਂ ਪੈਰਿਸ ਗਏ ਸੀ। ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਦੇ ਨਾਲ ਖੇਡਣ ਦਾ ਮੌਕਾ ਮਿਲਿਆ।''


Tarsem Singh

Content Editor

Related News