ਫਿਡੇ ਕੈਂਡੀਡੇਟ ਸ਼ਤਰੰਜ : ਨੈਪੋਮਨਿਆਚੀ ਦੀ ਲਗਾਤਾਰ ਦੂਜੀ ਜਿੱਤ

03/25/2020 1:15:07 AM

ਏਕਾਤੇਰਿਨਬੁਰਗ (ਰੂਸ) (ਨਿਕਲੇਸ਼ ਜੈਨ)- ਰੂਸ ਦੇ ਇਯਾਨ ਨੈਪੋਮਨਿਆਚੀ ਨੇ ਫਿਡੇ ਕੈਂਡੀਡੇਟ ਸ਼ਤਰੰਜ ਟੂਰਨਾਮੈਂਟ ਦੇ 6ਵੇਂ ਰਾਊਂਡ ਵਿਚ ਚੀਨ ਦੇ ਡਿੰਗ ਲੀਰੇਨ ਨੂੰ ਹਰਾ ਕੇ ਪ੍ਰਤੀਯੋਗਿਤਾ ਵਿਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਸਫੈਦ ਮੋਹਰਿਆਂ ਨਾਲ ਖੇਡ ਰਿਹਾ ਨੈਪੋਮਨਿਆਚੀ ਡਿੰਗ ਪੁਰਾਣੇ ਮੈਚ ਤੋਂ ਕਾਫੀ ਕੁਝ ਸਿੱਖ ਕੇ ਆਇਆ ਸੀ। ਰਾਏ ਲੋਪੇਜ਼ ਓਪਨਿੰਗ ਵਿਚ 16ਵੀਂ ਚਾਲ ਵਿਚ ਹਾਥੀ ਦੀ ਨਵੀਂ ਚਾਲ ਨਾਲ ਉਸ ਨੇ ਡਿੰਗ ਦੇ ਵਜ਼ੀਰ ਵਾਲੇ ਪਾਸੇ  ਬੋਰਡ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਨੈਪੋਮਨਿਆਚੀ ਦੇ ਮਜ਼ਬੂਤ ਡਿਫੈਂਸ ਦੇ ਅੱਗੇ ਡਿੰਗ ਦੀਆਂ ਯੋਜਨਾਵਾਂ ਕਮਜ਼ੋਰ ਨਜ਼ਰ ਆਈਆਂ ਤੇ 40 ਚਾਲਾਂ ਵਿਚ ਨੈਪੋਮਨਿਆਚੀ ਨੇ ਜਿੱਤ ਦਰਜ ਕੀਤੀ। ਉਥੇ ਹੀ ਖੇਡੇ ਗਏ ਦਿਨ ਦੇ ਦੂਜੇ ਮੈਚ ਵਿਚ ਇਟਾਲੀਅਨ ਓਪਨਿੰਗ ਵਿਚ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਰੂਸ ਦੇ ਆਲੈਕਸੀਂਕੋ ਕਿਰਿਲ ਨੂੰ 98 ਚਾਲਾਂ ਤਕ ਚੱਲੇ ਮੁਕਾਬਲੇ ਵਿਚ ਹਰਾ ਦਿੱਤਾ। ਇਸਦੇ ਨਾਲ ਹੀ ਅਨੀਸ਼ ਨੇ ਪ੍ਰਤੀਯੋਗਿਤਾ ਵਿਚ ਪਹਿਲੀ ਜਿੱਤ ਦਾ ਸਵਾਦ ਚੱਖਿਆ।
ਦਿਨ ਦੇ ਹੋਰਨਾਂ 2 ਮੁਕਾਬਲਿਆਂ ਵਿਚ ਚੀਨ ਦੇ ਵਾਂਗ ਹਾਓ ਤੇ ਫਰਾਂਸ ਦੇ ਮੈਕਿਸਮ ਲਾਗ੍ਰੇਵ ਵਿਚਾਲੇ ਹੋਏ ਮੈਚ 'ਚਕਿਸੇ ਤਰ੍ਹਾਂ ਮੈਕਿਸਮ ਮੈਚ ਬਚਾਉਣ ਵਿਚ ਕਾਮਯਾਬ ਰਿਹਾ ਤੇ ਅਮਰੀਕਾ ਦੇ ਫਾਬਿਆਨੋ ਕਾਰੂਆਨਾ ਤੇ ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ ਵਿਚਾਲੇ ਮੁਕਾਬਲਾ ਡਰਾਅ ਰਿਹਾ। 6 ਰਾਊਂਡਾਂ ਤੋਂ ਬਾਅਦ ਨੇਪੋਮਨਿਆਚੀ 4.5 ਅੰਕ, ਮੈਕਿਸਮ ਲਾਗ੍ਰੇਵ 3.5 ਅੰਕ, ਫਾਬਿਆਨੋ ਕਾਰੂਆਨਾ, ਗ੍ਰੀਸਚੁਕ ਤੇ ਵਾਂਗ ਹਾਓ, ਅਨੀਸ਼ ਗਿਰੀ 3 ਅੰਕ, ਡਿੰਗ ਲੀਰੇਨ ਤੇ ਅਲੈਕਸੀਂਕੋ 2 ਅੰਕ ਬਣਾ ਕੇ ਖੇਡ ਰਹੇ ਹਨ।


Gurdeep Singh

Content Editor

Related News