ਨਡਾਲ ਰਿਕਾਰਡ 14ਵੀਂ ਵਾਰ ਆਸਟਰੇਲੀਆਈ ਓਪਨ ਦੇ ਕੁਆਰਟਰ ਫਾਈਨਲ ''ਚ
Sunday, Jan 23, 2022 - 07:16 PM (IST)
ਸਪੋਰਟਸ ਡੈਸਕ- ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਰਾਫੇਲ ਨਡਾਲ ਨੇ ਐਤਵਾਰ ਨੂੰ ਐਡ੍ਰੀਅਨ ਮਨਾਰਿਨੋ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਆਸਟਰੇਲੀਆਈ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲ ਕੁਆਰਟਰ ਫਾਈਨਲ 'ਚ 14ਵੀਂ ਵਾਰ ਜਗ੍ਹਾ ਬਣਾਈ। ਨਡਾਲ ਨੇ ਚੌਥੇ ਦੌਰ ਦੇ ਮੁਕਾਬਲੇ 'ਚ 7-6 (14), 6-2, 6-2 ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਨੂੰ ਪਹਿਲੇ ਸੈੱਟ ਦੇ ਟਾਈਬ੍ਰੇਕ 'ਚ ਜਿੱਤ ਦਰਜ ਕਰਨ ਲਈ 28 ਮਿੰਟ 40 ਸਕਿੰਟ ਤਕ ਜੂਝਣਾ ਪਿਆ ਤੇ ਇਸ ਦੌਰਾਨ ਉਨ੍ਹਾਂ ਨੇ ਸਤਵੇਂ ਸੈੱਟ ਪੁਆਇੰਟ 'ਤੇ ਜਿੱਤ ਦਰਜ ਕੀਤੀ। ਖੱਬੇ ਹੱਥ ਨਾਲ ਖੇਡਣ ਵਾਲੇ ਨਡਾਲ ਦੀ ਖੱਬੇ ਹੱਥ ਤੋਂ ਖੇਡਣ ਵਾਲੇ ਖਿਡਾਰੀਆਂ 'ਤੇ ਇਹ ਲਗਾਤਾਰ 21ਵੀਂ ਜਿੱਤ ਹੈ।
ਨਡਾਲ ਨੇ ਇਸ ਦੇ ਨਾਲ ਹੀ ਆਸਟਰੇਲੀਆਈ ਓਪਨ ਦੇ ਪੁਰਸ਼ ਸਿੰਗਲ ਕੁਆਰਟਰ ਫਾਈਨਲ 'ਚ ਸਭ ਤੋਂ ਜ਼ਿਆਦਾ ਵਾਰ ਜਗ੍ਹਾ ਬਣਾਉਣ ਵਾਲਿਆਂ ਦੀ ਸੂਚੀ 'ਚ ਜਾਨ ਨਿਊਕਾਂਬ ਦੇ ਨਾਲ ਦੂਜੇ ਸਥਾਨ 'ਤੇ ਜਗ੍ਹਾ ਬਣਾਈ। ਰੋਜਰ ਫੈਡਰਰ 15 ਵਾਰ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਕੇ ਚੋਟੀ 'ਤੇ ਹਨ। ਨਡਾਲ ਨ 45ਵੀਂ ਵਾਰ ਕਿਸੇ ਗ੍ਰੈਂਡਸਲੈਮ ਟੂਰਨਾਮੈਂਟ ਦੇ ਆਖ਼ਰੀ ਅੱਠ 'ਚ ਜਗ੍ਹਾ ਬਣਾਈ ਹੈ ਤੇ ਉਹ ਆਲ ਟਾਈਮ ਲਿਸਟ 'ਚ ਫੈਡਰਰ (58) ਤੇ ਨੋਵਾਕ ਜੋਕੋਵਿਚ (51) ਦੇ ਬਾਅਦ ਤੀਜੇ ਸਥਾਨ 'ਤੇ ਹਨ। ਨਡਾਲ ਹੁਣ ਰਿਕਾਰਡ 21ਵਾਂ ਸਿੰਗਲ ਗ੍ਰੈਂਡਸਲੈਮ ਖ਼ਿਤਾਬ ਜਿੱਤਣ ਤੋਂ ਤਿੰਨ ਜਿੱਤ ਦੂਰ ਹਨ।