ਨਡਾਲ ਅਗਲੇ ਦੌਰ 'ਚ, ਫੇਰਰ ਨੇ ਮੈਡ੍ਰਿਡ 'ਚ ਕਰੀਅਰ ਕੀਤਾ ਖਤਮ

Thursday, May 09, 2019 - 01:54 PM (IST)

ਨਡਾਲ ਅਗਲੇ ਦੌਰ 'ਚ, ਫੇਰਰ ਨੇ ਮੈਡ੍ਰਿਡ 'ਚ ਕਰੀਅਰ ਕੀਤਾ ਖਤਮ

ਮੈਡ੍ਰਿਡ : ਸਪੇਨ ਦੇ ਰਾਫੇਲ ਨਡਾਲ ਨੇ ਬੁੱਧਵਾਰ ਨੂੰ ਇੱਥੇ ਮੈਡ੍ਰਿਡ ਓਪਨ ਟੈਨਿਸ ਟੂਰਨਾਮੈਂਟ ਵਿਚ ਕੈਨੇਡਾ ਦੇ ਨੌਜਵਾਨ ਫੇਲਿਕਸ ਆਗਰ ਏਲਿਆਸਿਮੇ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ। ਆਪਣੇ 6ਵੇਂ ਖਿਤਾਬ ਦੀ ਕੋਸ਼ਿਸ਼ ਵਿਚ ਲੱਗੇ ਨਡਾਲ ਨੂੰ ਪਿਛਲੇ ਮਹੀਨੇ ਮੌਂਟੀ ਕਾਰਲੋ ਅਤੇ ਬਾਰਸੀਲੋਨਾ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਤੋਂ ਬਾਅਦ ਉਸਦੇ ਪੇਟ ਵਿਚ ਸਮੱਸਿਆ ਹੋ ਗਈ ਸੀ ਪਰ ਦੁਨੀਆ ਦੇ ਨੰਬਰ 2 ਖਿਡਾਰੀ ਨੇ 6-3, 6-3 ਦੀ ਜਿੱਤ ਨਾਲ ਸ਼ੁਰੂਆਤ ਕੀਤੀ। ਹੁਣ ਉਸਦਾ ਅਗਲਾ ਸਾਹਮਣਾ ਅਮਰੀਕਾ ਦੇ ਨੌਜਵਾਨ ਫ੍ਰਾਂਸੇਸ ਟਿਆਫੋ ਨਾਲ ਹੋਵੇਗਾ ਜਦਕਿ ਕੁਆਰਟਰ ਫਾਈਨਲ ਵਿਚ ਉਸਦਾ ਸਾਹਮਣਾ ਸਟੇਨ ਵਾਵਰਿੰਕਾ ਜਾਂ ਕੇਈ ਨਿਸ਼ੀਕੋਰੀ ਨਾਲ ਹੋ ਸਕਦਾ ਹੈ।

PunjabKesari

ਉਸਦੇ ਹਮਵਤਨ ਡੇਵਿਡ ਫੇਰਰ ਨੇ ਸੰਨਿਆਸ ਤੋਂ ਪਹਿਲਾਂ ਆਪਣੇ ਆਖਰੀ ਟੂਰਨਾਮੈਂਟ ਵਿਚ ਕਰੀਅਰ ਦਾ ਆਖਰੀ ਮੈਚ ਖੇਡਿਆ ਪਰ ਉਹ ਇਸ ਵਿਚ ਅਲੈਗਜ਼ੈਂਡਰ ਜਵੇਰੇਵ ਤੋਂ 4-6, 1-6 ਨਾਲ ਹਾਰ ਗਏ। ਵਾਵਰਿੰਕਾ ਅਤੇ ਨਿਸ਼ੀਕੋਰੀ ਵੀਰਵਾਰ ਨੂੰ ਤੀਜੇ ਦੌਰ ਵਿਚ ਇਕ ਦੂਜੇ ਦੇ ਆਹਮੋ-ਸਾਹਮਣੇ ਹੋਣਗੇ। ਨਿਸ਼ੀਕੋਰੀ ਨੇ ਬੋਲਿਵੀਆ ਦੇ ਕੁਆਲੀਫਾਇਰ ਹੁਗੋ ਡੇਲਿਨ ਨੂੰ 2 ਘੰਟੇ ਤੋਂ ਜ਼ਿਆਦਾ ਦੇਰ ਤੱਕ ਚੱਲੇ ਮੈਚ ਵਿਚ 7-5, 7-5 ਨਾਲ ਹਰਾਇਆ ਜਦਕਿ ਵਾਵਰਿੰਕਾ ਨੇ ਗੁਈਡੋ ਪੇਲਾ ਨੂੰ 6-3, 6-4 ਨਾਲ ਹਰਾਇਆ। ਜੁਆਨ ਮਾਰਟਿਨ ਡੇਲ ਪੋਤਰੋ ਨੂੰ ਹਾਲਾਂਕਿ ਪਹਿਲੇ ਹੀ ਮੈਚ ਵਿਚ ਸਰਬੀਆ ਦੇ ਲਾਸਲੋ ਜੇਰੇ ਤੋਂ ਹਾਰ ਦਾ ਮੁੰਹ ਦੇਖਣਾ ਪਿਆ।

PunjabKesari

ਉੱਥੇ ਹੀ ਮਹਿਲਾ ਵਰਗ ਵਿਚ ਦੁਨੀਆ ਦੀ ਨੰਬਰ ਇਕ ਖਿਡਾਰਨ ਨਾਓਮੀ ਓਸਾਕਾ ਨੇ ਬੇਲਾਰੂਸ ਦੀ ਆਲਿਆਕਸਾਂਦ੍ਰਾ ਸਾਸਨੋਵਿਚ ਨੂੰ 6-2, 6-3 ਨਾਲ ਹਰਾ ਕੇ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। 2 ਵਾਰ ਦੀ ਮੇਜਰ ਚੈਂਪੀਅਨ ਦਾ ਸਾਹਮਣਾ ਆਖਰੀ 8 ਵਿਚ ਸਵੀਜ਼ਰਲੈਂਡ ਦੀ ਬੇਲਿੰਡਾ ਬੇਨਸਿਚ ਨਾਲ ਹੋਵੇਗਾ ਜਿਸ ਨੇ ਯੁਕ੍ਰੇਨ ਦੀ ਕੁਆਲੀਫਾਇਰ ਕਟੈਰੀਨਾ ਕੋਜਲੋਵਾ ਨੂੰ 6-0, 6-2 ਨਾਲ ਹਰਾਇਆ। ਓਸਾਕਾ ਸੈਮੀਫਾਈਨਲ ਵਿਚ ਦੁਨੀਆ ਦੀ ਨੰਬਰ 3 ਖਿਡਾਰੀ ਸਿਮੋਨਾ ਹਾਲੇਪ ਨਾਲ ਭਿੜ ਸਕਦੀ ਹੈ ਜਿਸ ਨੇ ਸਲੋਵਾਕੀਆ ਦੀ ਵਿਕਟੋਰੀਆ ਕੁਜਮੋਵਾ ਨੂੰ 44 ਮਿੰਟ ਵਿਚ 6-0, 6-0 ਨਾਲ ਹਰਾਇਆ। ਦੂਜਾ ਦਰਜਾ ਪ੍ਰਾਪਤ ਕਵੀਤੋਵਾ ਨੇ ਫ੍ਰਾਂਸ ਦੀ ਕੈਰੋਲਿਨ ਗਾਰਸੀਆ ਨੂੰ 6-3, 6-3 ਨਾਲ ਹਰਾਇਆ ਅਤੇ ਹੁਣ ਉਸਦਾ ਸਾਹਮਣਾ ਨੀਦਰਲੈਂਡ ਦੀ ਕਿਕੀ ਬਰਟਨਸ ਨਾਲ ਹੋਵੇਗਾ।


author

Ranjit

Content Editor

Related News