ਨਡਾਲ 8ਵੀਂ ਵਾਰ US Open ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ
Thursday, Sep 05, 2019 - 04:51 PM (IST)

ਨਿਊਯਾਰਕ : ਦੂਜੇ ਨੰਬਰ ਦੇ ਖਿਡਾਰੀ ਰਫੇਲ ਨਡਾਲ ਨੇ ਸ਼ਾਨਦਾਰ ਪ੍ਰਦਰਸ਼ਨ ਦਾ ਸਿਲਸਿਲਾ ਜਾਰੀ ਰੱਖਦਿਆਂ ਡਿਏਗੋ ਸ਼ਾਰਟਜ਼ਮੈਨ ਨੂੰ ਹਰਾ ਕੇ 8ਵੀਂ ਵਾਰ ਯੂ. ਐੱਸ. ਓਪਨ ਟੈਨਿਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਨਡਾਲ ਨੇ ਇਹ ਮੁਕਾਬਲਾ ਸਿੱਧੇ ਸੈੱਟਾਂ ਵਿਚ ਜਿੱਤਿਆ। 3 ਵਾਰ ਦੇ ਚੈਂਪੀਅਨ ਨਡਾਲ ਨੇ ਕੁਆਰਟਰ ਫਾਈਨਲ ਵਿਚ ਅਰਜਨਟੀਨਾ ਦੇ ਸ਼ਾਰਟਜ਼ਮੈਨ ਨੂੰ 6-4, 7-5, 6-2 ਨਾਲ ਹਰਾਇਆ। ਹੁਣ ਉਸਦਾ ਮੁਕਾਬਲਾ 24ਵੇਂ ਨੰਬਰ ਦੇ ਮਾਟੇਓ ਬੈਰੇਟਿਨੀ ਨਾਲ ਹੋਵੇਗਾ, ਜਿਸ ਨੇ 13ਵੇਂ ਨੰਬਰ ਦੇ ਗੇਲ ਮੋਂਫਿਲਸ ਨੂੰ 5 ਸੈੱਟਾਂ ਦੇ ਮੈਰਾਥਨ ਮੁਕਾਬਲੇ ਵਿਚ ਹਰਾਇਆ। ਬੈਰੇਟਿਨੀ ਨੇ ਇਹ ਮੁਕਾਬਲਾ 3-6, 6-3, 6-2, 3-6, 7-6 ਨਾਲ ਜਿੱਤਿਆ।
ਸ਼ਾਰਟਜ਼ਮੈਨ ਰੈਗੁਲਰ ਨਡਾਲ ਦੇ ਮਾਲੋਰਕਾ ਸਥਿਤ ਰਫੇਲ ਨਡਾਲ ਟੈਨਿਸ ਅਕੈਡਮੀ ਵਿਚ ਪ੍ਰੈਕਟਿਸ ਕਰਦੇ ਹਨ। ਉਸ ਨੇ ਨਡਾਲ ਨੂੰ ਸਖਤ ਮੁਕਾਬਲਾ ਦਿੱਤਾ ਪਰ ਉਹ ਜਿੱਤ ਨਹੀਂ ਸਕੇ। ਇਸ ਦੇ ਨਾਲ ਹੀ ਨਡਾਲ ਨੇ ਉਸਦੇ ਖਿਲਾਫ ਆਪਣੀ ਜਿੱਤ ਦਾ ਰਿਕਾਰਡ 7-0 ਕਰ ਲਿਆ। ਚੋਟੀ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਅਤੇ ਤੀਜੇ ਨੰਬਰ 'ਤੇ ਖਿਡਾਰੀ ਰੋਜਰ ਫੈਡਰਰ ਪਹਿਲਾਂ ਹੀ ਬਾਹਰ ਹੋ ਚੁੱਕੇ ਹਨ। ਇਸਦੇ ਚਲਦੇ ਨਡਾਲ ਦੇ ਕੋਲ ਚੌਥੀ ਵਾਰ ਇਹ ਖਿਤਾਬ ਜਿੱਤਣ ਦਾ ਮੌਕਾ ਹੈ।