ਮੇਰੀਆਂ ਬੇਟੀਆਂ ਮੇਰੇ ਲਈ ਅਨਮੋਲ : ਅਫਰੀਦੀ

05/12/2019 11:18:10 PM

ਕਰਾਚੀ- ਆਪਣੀ ਕਿਤਾਬ ਵਿਚ ਆਪਣੀਆਂ ਬੇਟੀਆਂ ਨੂੰ ਕੋਈ ਵੀ ਆਊਟਡੋਰ ਖੇਡ ਖੇਡਣ ਦੀ ਮਨਜ਼ੂਰੀ ਨਾ ਦੇਣ ਦੀ ਗੱਲ ਕਹਿਣ ਵਾਲੇ ਸ਼ਾਹਿਦ ਅਫਰੀਦੀ ਨੇ ਆਪਣੇ ਬਚਾਅ ਵਿਚ ਕਿਹਾ ਕਿ ਉਸਦੀਆਂ ਬੇਟੀਆਂ ਉਸ ਦੇ ਲਈ ਬੇਹੱਦ ਅਨਮੋਲ ਹਨ। ਚਾਰ ਬੇਟੀਆਂ ਅੰਸ਼ਾਂ, ਆਜਵਾ, ਅਸਮਾਰਾ ਤੇ ਅਕਸਾ ਦੇ ਪਿਤਾ ਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਅਫਰੀਦੀ ਨੇ ਆਪਣੀ ਸਵੈ-ਜੀਵਨੀ 'ਗੇਮ ਚੇਂਜਰ' ਵਿਚ ਕਿਹਾ ਕਿ ਉਸ ਦਾ ਫੈਸਲਾ 'ਸਮਾਜਿਕ ਤੇ ਧਾਰਮਿਕ ਕਾਰਣਾਂ' ਤੋਂ ਪ੍ਰੇਰਿਤ ਸੀ।
ਆਪਣੀ ਕਿਤਾਬ ਵਿਚ ਅਫਰੀਦੀ ਨੇ ਕਿਹਾ ਕਿ ਲੋਕ ਉਸ ਦੇ ਇਸ ਫੈਸਲੇ ਨੂੰ ਲੈ ਕੇ ਜੋ ਕਹਿਣਾ ਚਾਹੁਣ, ਉਹ ਕਹਿ ਸਕਦੇ ਹਨ। ਅਫਰੀਦੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਲਿਖਿਆ, ''ਮੇਰੀ ਜ਼ਿੰਦਗੀ ਉਨ੍ਹਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਉਨ੍ਹਾਂ ਸਾਰਿਆਂ ਦੀ ਜ਼ਿੰਦਗੀ ਵਿਚ ਕੁਝ ਮਹੱਤਵਪੂਰਨ ਹੈ ਤੇ ਜ਼ਿੰਮੇਵਾਰ ਪਿਤਾ ਦੇ ਰੂਪ ਵਿਚ ਉਨ੍ਹਾਂ ਦਾ ਮਾਰਗਦਰਸ਼ਨ ਕਰਦੇ ਹੋਏ ਮੈਂ ਉਨ੍ਹਾਂ ਦਾ ਸਮਰਥਨ ਕਰਾਂਗਾ।''
ਅਫਰੀਦੀ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਉਸਦੀਆਂ ਬੇਟੀਆਂ ਖੇਡਾਂ ਵਿਚ ਕਾਫੀ ਚੰਗੀਆਂ ਹਨ ਪਰ ਉਹ ਉਨ੍ਹਾਂ ਨੂੰ ਸਿਰਫ ਇਨਡੋਰ ਖੇਡ ਖੇਡਣ ਦੀ ਮਨਜ਼ੂਰੀ ਦੇਵੇਗਾ। ਉਸ ਨੇ ਕਿਹਾ, ''ਆਜਵਾ ਤੇ ਅਸਮਾਰਾ ਸਭ ਤੋਂ ਘੱਟ ਉਮਰ ਦੀਆਂ ਹਨ ਤੇ ਉਨ੍ਹਾਂ ਨੂੰ ਸਜਣਾ-ਸੰਵਰਨਾ ਪਸੰਦ ਹੈ। ਉਨ੍ਹਾਂ ਨੂੰ ਮੇਰੇ ਵਲੋਂ ਕੁਝ ਵੀ ਖੇਡਣ ਦੀ ਮਨਜ਼ੂਰੀ ਹੈ, ਜਦੋਂ ਤਕ ਕਿ ਇਹ ਇਨਡੋਰ ਹੋਵੇ। ਕ੍ਰਿਕਟ? ਨਹੀਂ, ਮੇਰੀਆਂ ਬੇਟੀਆਂ ਲਈ ਨਹੀਂ। ਉਨ੍ਹਾਂ ਨੂੰ ਕੋਈ ਵੀ ਇਨਡੋਰ ਖੇਡ ਖੇਡਣ ਦੀ ਮਨਜ਼ੂਰੀ ਹੈ ਪਰ ਮੇਰੀਆਂ ਬੇਟੀਆਂ ਜਨਤਕ ਖੇਡ ਗਤੀਵਿਧੀਆਂ ਵਿਚ ਹਿੱਸਾ ਨਹੀਂ ਲੈਣਗੀਆਂ।''


Gurdeep Singh

Content Editor

Related News