ਮੁਰਲੀਧਰਨ ਬਣਨਾ ਰਾਇਡੂ ਨੂੰ ਪਿਆ ਮਹਿੰਗਾ, ICC ਨੇ ਲਾਈ ਪਾਬੰਦੀ
Monday, Jan 28, 2019 - 06:05 PM (IST)

ਦੁਬਈ : ਆਈ. ਸੀ. ਸੀ. ਨੇ ਅੰਬਾਤੀ ਰਾਇਡੂ ਦੇ ਕੌਮਾਂਤਰੀ ਕ੍ਰਿਕਟ ਵਿਚ ਗੇਂਦਬਾਜ਼ੀ 'ਤੇ ਸੋਮਵਾਰ ਨੂੰ ਪਾਬੰਦੀ ਲਾ ਦਿੱਤੀ ਕਿਉਂਕਿ ਇਸ ਭਾਰਤੀ ਕ੍ਰਿਕਟਰ ਨੇ 14 ਦਿਨ ਦੇ ਨਿਰਧਾਰਤ ਸਮੇਂ ਦੇ ਅੰਦਰ ਆਪਣੇ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਜਾਂਚ ਤੋਂ ਇਨਕਾਰ ਕਰ ਦਿੱਤਾ। ਰਾਇਡੂ ਨੇ ਐਕਸ਼ਨ ਦੀ ਸ਼ਿਕਾਇਤ 13 ਜਨਵਰੀ ਨੂੰ ਆਸਟਰੇਲੀਆ ਖਿਲਾਫ ਪਹਿਲੇ ਵਨ ਡੇ ਦੌਰਾਨ ਕੀਤੀ ਗਈ ਸੀ ਜਦੋਂ ਉਸ ਨੂੰ ਗੇਂਦਬਾਜ਼ੀ ਕਰਨ ਦਾ ਮੌਕਾ ਮਿਲਿਆ ਸੀ। ਸੋਸ਼ਲ ਸਾਈਟਸ 'ਤੇ ਇਕ ਤਸਵੀਰ ਵੀ ਵਾਇਰਲ ਹੋ ਰਹੀ ਹੈ ਜਿਸ ਵਿਚ ਰਾਇਡੂ ਮੁਰਲੀਧਰਨ ਦੇ ਐਕਸ਼ਨ ਦੀ ਤਰ੍ਹਾਂ ਗੇਂਦਬਾਜ਼ੀ ਕਰਦੇ ਦਿਸ ਰਹੇ ਹਨ।
ਇਸ ਤੋਂ ਪਹਿਲਾਂ ਮੁਰਲੀਧਰਨ ਨੂੰ ਵੀ ਅਜਿਹੇ ਹਾਲਾਤਾਂ ਵਿਚੋਂ ਪਿਆ ਸੀ ਗੁਜ਼ਰਨਾ
ਜ਼ਿਕਰਯੋਗ ਹੈ ਕਿ 1995 -96 'ਚ ਜਦੋਂ ਸ਼੍ਰੀਲੰਕਾ ਨੇ ਆਸਟਰੇਲੀਆ ਦਾ ਦੌਰਾ ਕੀਤਾ ਸੀ, ਉਸ ਸਮੇ ਅੰਪਾਇਰ ਡੈਰਲ ਹੇਅਰ ਨੇ ਮੁਰਲੀਧਰਨ ਦੇ ਗੇਂਦਬਾਜ਼ੀ ਐਕਸ਼ਨ ਦੇ ਸਵਾਲ ਚੁੱਕਿਆ ਸੀ। ਉਸ ਤੋਂ ਬਾਅਦ 1996 ਵਿਚ ਆਈ. ਸੀ. ਸੀ. ਵਲੋਂ ਹਾਂਗਕਾਂਗ ਵਿਖੇ ਮੁਰਲੀਧਰਨ ਦਾ ਗੇਂਦਬਾਜ਼ੀ ਐਕਸ਼ਨ ਟੈਸਟ ਕੀਤਾ ਗਿਆ ਜਿਸ ਵਿਚ ਉਸ ਨੂੰ ਸਹੀ ਐਲਾਨ ਕੀਤਾ ਗਿਆ।
ਆਈ. ਸੀ. ਸੀ. ਨੇ ਇਕ ਬਿਆਨ 'ਚ ਕਿਹਾ, ''ਇਸ ਖਿਡਾਰੀ ਨੇ 14 ਦਿਨ ਦੀ ਸਮੇਂ ਸੀਮਾ ਦੇ ਅੰਦਰ ਆਪਣੇ ਐਕਸ਼ਨ ਦੀ ਜਾਂਚ ਕਰਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਕੌਮਾਂਤਰੀ ਕ੍ਰਿਕਟ ਵਿਚ ਗੇਂਦਬਾਜ਼ੀ ਕਰਨ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਾਈ ਜਾਂਦੀ ਹੈ।''
ਗੇਂਦਬਾਜ਼ੀ ਐਕਸ਼ਨ ਦੀ ਸਮੇਂ ਸੀਮਾ ਆਈ. ਸੀ. ਸੀ. ਨਿਯਮਾਂ ਦੇ ਪ੍ਰਾਵਧਾਨ 4.2 ਦੇ ਤਹਿਤ ਉਸ 'ਤੇ ਪਾਬੰਦੀ ਲਾਈ ਜਾਂਦੀ ਹੈ। ਆਈ. ਸੀ. ਸੀ. ਨੇ ਕਿਹਾ, ''ਉਸ ਦੀ ਜਾਂਚ ਹੋਣ ਤੱਕ ਇਹ ਪਾਬੰਦੀ ਲਾਗੂ ਰਹੇਗੀ। ਉਸ ਨੂੰ ਇਹ ਦਿਖਾਉਣਾ ਹੋਵੇਗਾ ਕਿ ਉਹ ਸਹੀ ਐਕਸ਼ਨ ਦੇ ਨਾਲ ਗੇਂਦਬਾਜ਼ੀ ਕਰ ਸਕਦਾ ਹੈ। ਰਾਇਡੂ ਬੀ. ਸੀ. ਸੀ. ਦੀ ਸਹਿਮਤੀ ਨਾਲ ਘਰੇਲੂ ਕ੍ਰਿਕਟ ਵਿਚ ਗੇਂਦਬਾਜ਼ੀ ਕਰ ਸਕਦਾ ਹੈ। ਰਾਇਡੂ ਅਸਲ ਵਿਚ ਇਕ ਬੱਲੇਬਾਜ਼ ਹੈ ਅਤੇ ਵਨ ਡੇ ਕ੍ਰਿਕਟ ਵਿਚ ਹੁਣ ਤੱਕ 49 ਮੈਚਾਂ ਵਿਚ ਉਸ ਨੇ ਸਿਰਫ 121 ਗੇਂਦਾਂ ਹੀ ਕੀਤੀਆਂ ਹਨ।''