ਮੁਮਤਾਜ਼ ਦੀ ਹੈਟ੍ਰਿਕ ਨਾਲ ਭਾਰਤ ਨੇ ਮਲੇਸ਼ੀਆ ਨੂੰ 4-0 ਨਾਲ ਹਰਾਇਆ
Wednesday, Apr 06, 2022 - 01:40 PM (IST)
ਸਪੋਰਟਸ ਡੈਸਕ- ਮੁਮਤਾਜ਼ ਖ਼ਾਨ ਦੀ ਹੈਟ੍ਰਿਕ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਮੰਗਲਵਾਰ ਨੂੰ ਇੱਥੇ ਐੱਫ. ਆਈ. ਐੱਚ. ਜੂਨੀਅਰ ਵਿਸ਼ਵ ਕੱਪ 'ਚ ਪੂਲ ਡੀ ਦੇ ਆਪਣੇ ਆਖ਼ਰੀ ਮੈਚ 'ਚ ਮਲੇਸ਼ੀਆ ਨੂੰ 4-0 ਨਾਲ ਹਰਾ ਕੇ ਜੇਤੂ ਮੁਹਿੰਮ ਜਾਰੀ ਰੱਖੀ। ਮੰਗਲਵਾਰ ਦੇ ਮੁਕਾਬਲੇ ਤੋਂ ਪਹਿਲਾਂ ਕੁਆਰਟਰ ਫਾਈਲ 'ਚ ਜਗ੍ਹਾ ਬਣਾਉਣ ਤੋਂ ਖੁੰਝੇ ਭਾਰਤ ਵਲੋਂ ਮੁਮਤਾਜ਼ (10ਵੇਂ, 26ਵੇਂ ਤੇ 59ਵੇਂ ਮਿੰਟ) ਦੇ ਤਿੰਨ ਗੋਲ ਦੇ ਇਲਾਵਾ ਸੰਗੀਤਾ ਕੁਮਾਰੀ (11ਵੇਂ ਮਿੰਟ) ਨੇ ਇਕ ਗੋਲ ਦਾਗਿਆ।
ਇਹ ਵੀ ਪੜ੍ਹੋ : ਕ੍ਰਿਪਾਲ ਸਿੰਘ ਨੇ ਤੋੜਿਆ 22 ਸਾਲ ਪੁਰਾਣਾ ਡਿਸਕਸ ਥਰੋਅ ਮੀਟ ਰਿਕਾਰਡ
ਭਾਰਤ ਇਸ ਪੂਲ ਡੀ 'ਚ ਤਿੰਨ ਮੈਚਾਂ 'ਚ ਤਿੰਨ ਜਿੱਤ ਨਾਲ 9 ਅੰਕ ਜੁਟਾ ਕੇ ਚੋਟੀ 'ਤੇ ਰਿਹਾ। ਭਾਰਤ ਨੇ ਇਸ ਤੋਂ ਪਹਿਲਾਂ ਵੇਲਸ ਨੂੰ 5-1 ਜਦਕਿ ਜਰਮਨੀ ਦੀ ਮਜ਼ਬੂਤ ਟੀਮ ਨੂੰ 2-1 ਨਾਲ ਹਰਾਇਆ ਸੀ। ਨਾਕ ਆਊਟ 'ਚ ਪਹਿਲਾਂ ਹੀ ਜਗ੍ਹਾ ਪੱਕੀ ਕਰਨ ਦੇ ਬਾਅਦ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਨੇ ਪੂਰੇ ਮੁਕਾਬਲੇ 'ਚ ਦਬਦਬਾ ਬਣਾਈ ਰੱਖਿਆ।
ਟੀਮ ਨੂੰ ਇਸ ਦਾ ਫ਼ਾਇਦਾ 10ਵੇਂ ਮਿੰਟ 'ਚ ਮਿਲਿਆ ਜਦੋਂ ਮਲੇਸ਼ੀਆ ਦੀ ਡਿਫੈਂਡਰ ਤੋਂ ਟਕਰਾ ਕੇ ਆਈ ਗੇਂਦ ਨੂੰ ਮੁਮਤਾਜ਼ ਨੇ ਗੋਲ 'ਚ ਪਹੁੰਚਾਇਆ। ਭਾਰਤ ਨੇ ਇਕ ਮਿੰਟ ਬਾਅਦ ਆਪਣੀ ਬੜ੍ਹਤ ਦੁਗਣੀ ਕਰ ਲਈ ਜਦੋਂ ਲਾਲਰਿੰਦਿਕੀ ਦੇ ਕ੍ਰਾਸ 'ਤੇ ਸੰਗੀਤਾ ਨੇ ਗੋਲ ਦਾਗ਼ਿਆ। ਭਾਰਤ ਨੂੰ ਇਸ ਤੋਂ ਬਾਅਦ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਟੀਮ ਇਸ ਦਾ ਲਾਹਾ ਨਾ ਲੈ ਸਕੀ। ਮੁਮਤਾਜ਼ ਨੇ 26ਵੇਂ ਮਿੰਟ 'ਚ ਇਕ ਹੋਰ ਗੋਲ ਦਾਗ਼ਿਆ ਜਿਸ ਨਾਲ ਭਾਰਤ ਹਾਫ ਟਾਈਮ ਤਕ 3-0 ਨਾਲ ਅੱਗੇ ਸੀ। ਭਾਰਤ ਨੂੰ ਤੀਜੇ ਕੁਆਰਟਰ 'ਚ ਕੁਝ ਹੋਰ ਪੈਨਲਟੀ ਕਾਰਨਰ ਮਿਲੇ ਪਰ ਟੀਮ ਉਨ੍ਹਾਂ ਨੂੰ ਗੋਲ 'ਚ ਬਦਲਣ 'ਚ ਅਸਫਲ ਰਹੀ।
ਇਹ ਵੀ ਪੜ੍ਹੋ : ਜਿੱਤ ਤੋਂ ਬਾਅਦ ਡੁਪਲੇਸਿਸ ਨੇ ਰੱਜ ਕੇ ਕੀਤੀ ਕਾਰਤਿਕ ਤੇ ਸ਼ਾਹਬਾਜ਼ ਦੀ ਤਾਰੀਫ਼, ਜਾਣੋ ਕੀ ਕਿਹਾ
ਮੈਚ 'ਚ ਜਦੋਂ 10 ਮਿੰਟ ਦੀ ਖੇਡ ਬਾਕੀ ਸੀ ਉਦੋਂ ਮਲੇਸ਼ੀਆ ਨੂੰ ਦੋ ਪੈਨਲਟੀ ਕਾਰਨਰ ਮਿਲੇ ਪਰ ਭਾਰਤ ਦੀ ਗੋਲਕੀਪਰ ਖ਼ੁਸ਼ਬੂ ਨੇ ਵਿਰੋਧੀ ਟੀਮ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਦਿੱਤਾ। ਭਾਰਤ ਨੂੰ ਇਸ ਤੋਂ ਬਾਅਦ ਆਪਣਾ 7ਵਾਂ ਪੈਨਲਟੀ ਕਾਰਨਰ ਮਿਲਿਆ ਪਰ ਇਕ ਵਾਰ ਫਿਰ ਟੀਮ ਦੇ ਹੱਥ ਨਾਕਾਮੀ ਹੀ ਲੱਗੀ। ਭਾਰਤ ਨੇ ਮੈਚ ਖ਼ਤਮ ਹੋਣ ਤੋਂ ਇਕ ਮਿੰਟ ਪਹਿਲਾਂ ਸਕੋਰ 4-0 ਕਰ ਦਿੱਤਾ ਜਦੋਂ ਮੁਮਤਾਜ਼ ਨੇ ਬਿਊਟੀ ਡੁੰਗ ਡੁੰਗ ਦੇ ਪਾਸ ਨੂੰ ਗੋਲ 'ਚ ਪਹੁੰਚਾਇਆ। ਭਾਰਤ ਸ਼ੁੱਕਰਵਾਰ ਨੂੰ ਕੁਆਰਟਰ ਫਾਈਨਲ 'ਚ ਦੱਖਣੀ ਕੋਰੀਆ ਨਾਲ ਭਿੜੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।