MI vs SRH : ਮੁੰਬਈ ਨੇ 13 ਦੌੜਾਂ ਨਾਲ ਹੈਦਰਾਬਾਦ ਨੂੰ ਹਰਾਇਆ
Sunday, Apr 18, 2021 - 01:58 AM (IST)
![MI vs SRH : ਮੁੰਬਈ ਨੇ 13 ਦੌੜਾਂ ਨਾਲ ਹੈਦਰਾਬਾਦ ਨੂੰ ਹਰਾਇਆ](https://static.jagbani.com/multimedia/2021_4image_23_19_568650337mi.jpg)
ਚੇਨਈ (ਭਾਸ਼ਾ)-ਰੋਹਿਤ ਸ਼ਰਮਾ ਅਤੇ ਕੀਰੋਨ ਪੋਲਾਰਡ ਦੀਆਂ ਹਮਲਾਵਰ ਪਾਰੀਆਂ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੁੰਬਈ ਇੰਡੀਅਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਟੀ-20 ਟੂਰਨਾਮੈਂਟ ’ਚ ਸਨਰਾਈਜ਼ਰਸ ਹੈਦਰਾਬਾਦ ਨੂੰ 13 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ।
ਰੋਹੀਤ ਸ਼ਰਮਾ ਦੀਆਂ 25 ਗੇਂਦਾਂ ’ਚ 32 ਅਤੇ ‘ਮੈਨ ਆਫ ਦਿ ਮੈਚ’ ਪੋਲਾਰਡ ਦੀਆਂ 22 ਗੇਂਦਾਂ ’ਚ 35 ਦੌੜਾਂ ਦੀ ਅਜੇਤੂ ਪਾਰੀ ਦੇ ਦਮ ’ਤੇ ਮੁੰਬਈ ਇੰਡੀਅਨਜ਼ ਨੇ 20 ਓਵਰਾਂ ’ਚ 5 ਵਿਕਟਾਂ ’ਤੇ 150 ਦੌੜਾਂ ਬਣਾਉਣ ਤੋਂ ਬਾਅਦ ਸਨਰਾਈਜ਼ਰਜ਼ ਨੂੰ 19.4 ਓਵਰਾਂ ’ਚ 137 ਦੌੜਾਂ ’ਤੇ ਆਲ ਆਊਟ ਕਰ ਦਿੱਤਾ। ਸਨਰਾਈਜ਼ਰਜ਼ ਦੀ ਇਹ ਲਗਾਤਾਰ ਤੀਜੀ ਹਾਰ ਹੈ।
ਲਗਾਤਾਰ 2 ਮੈਚ ਗਵਾਉਣ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਨੇ ਇਸ ਮੈਚ ’ਚ 4 ਬਦਲਾਅ ਕਰਦੇ ਹੋਏ ਵਿਰਾਟ ਸਿੰਘ, ਅਭਿਸ਼ੇਕ ਸ਼ਰਮਾ, ਖਲਿਲ ਅਹਿਮਦ ਅਤੇ ਮੁਜੀਬ ਉਰ ਰਹਿਮਾਨ ਵਰਗੇ ਨੌਜਵਾਨ ਖਿਡਾਰੀਆਂ ’ਤੇ ਭਰੋਸਾ ਜਤਾਇਆ। ਜਾਨੀ ਬੇਅਰਸਟੋ ਅਤੇ ਕਪਤਾਨ ਡੇਵਿਡ ਵਾਰਨਰ ਨੇ 7.2 ਓਵਰਾਂ ’ਚ 67 ਦੌੜਾਂ ਦੀ ਸਾਂਝੇਦਾਰੀ ਕਰ ਕੇ ਸਨਰਾਈਜ਼ਰਜ਼ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਪਰ ਕਰੁਣਾਲ ਪਾਂਡਯਾ ਦੀ ਗੇਂਦ ’ਤੇ ਬੇਅਰਸਟੋ ਦੇ ਹਿਟ ਵਿਕਟ ਹੋਣ ਤੋਂ ਬਾਅਦ ਮੁੰਬਈ ਨੇ ਸ਼ਾਨਦਾਰ ਵਾਪਸੀ ਕਰ ਕੇ ਮੈਚ ’ਤੇ ਪਕੜ ਬਣਾ ਲਈ। ਬੇਅਰਸਟੋ ਨੇ 22 ਗੇਂਦਾਂ ’ਚ 43 ਦੌੜਾਂ ਦੀ ਪਾਰੀ ਦੌਰਾਨ 4 ਛੱਕੇ ਅਤੇ 3 ਚੌਕੇ ਜੜੇ। ਵਾਰਨਰ ਨੇ 34 ਗੇਂਦਾਂ ’ਚ 36 ਦੌੜਾਂ ਬਣਾਈਆਂ। ਮੁੰਬਈ ਲਈ ਰਾਹੁਲ ਚਾਹਰ ਅਤੇ ਟਰੇਂਟ ਬੋਲਟ ਨੇ 3-3 ਵਿਕਟਾਂ ਲਈਆਂ, ਜਦੋਂਕਿ ਜਸਪ੍ਰੀਤ ਬੁਮਰਾਹ ਨੇ 4 ਓਵਰਾਂ ’ਚ ਸਿਰਫ 14 ਦੌੜਾਂ ਖਰਚ ਕੇ 1 ਸਫਲਤਾ ਹਾਸਲ ਕੀਤੀ। ਮੁੰਬਈ ਇੰਡੀਅਨਜ਼ ਨੇ 3 ਮੈਚਾਂ ’ਚ ਦੂਜੀ ਜਿੱਤ ਹਾਸਲ ਕੀਤੀ।