ਜਿੱਤ ਦੇ ਬਾਵਜੂਦ ਸੂਰਿਆਕੁਮਾਰ ਯਾਦਵ 'ਤੇ ਲੱਗਾ 12 ਲੱਖ ਰੁਪਏ ਦਾ ਜੁਰਮਾਨਾ,ਨਿਤੀਸ਼ ਰਾਣਾ ਤੇ ਸ਼ੌਕੀਨ ਨੂੰ ਵੀ ਮਿਲੀ ਸਜ਼ਾ

Monday, Apr 17, 2023 - 10:11 AM (IST)

ਮੁੰਬਈ (ਭਾਸ਼ਾ)- ਮੁੰਬਈ ਇੰਡੀਅਨਜ਼ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੂੰ ਵਾਨਖੇੜੇ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਖ਼ਿਲਾਫ਼ ਆਈ.ਪੀ.ਐੱਲ. ਮੈਚ ਦੌਰਾਨ ਟੀਮ ਦੀ ਹੌਲੀ ਓਵਰ-ਰੇਟ ਕਾਰਨ ਐਤਵਾਰ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ। ਆਈ.ਪੀ.ਐੱਲ. ਕੋਡ ਆਫ ਕੰਡਕਟ ਤਹਿਤ ਘੱਟੋ-ਘੱਟ ਓਵਰ-ਰੇਟ ਨਾਲ ਸਬੰਧਤ ਇਹ ਟੀਮ ਦਾ  ਸੀਜ਼ਨ ਦਾ ਪਹਿਲਾ ਅਪਰਾਧ ਸੀ, ਇਸ ਲਈ ਕਪਤਾਨ ਸੂਰਿਆਕੁਮਾਰ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।

ਇਹ ਵੀ ਪੜ੍ਹੋ: ਪੰਜਾਬ ਖ਼ਿਲਾਫ਼ ਜਿੱਤ ਦੇ ਬਾਵਜੂਦ ਹਾਰਦਿਕ ਪੰਡਯਾ ਕਰ ਬੈਠੇ ਇਹ ਗ਼ਲਤੀ, ਲੱਗਾ 12 ਲੱਖ ਰੁਪਏ ਦਾ ਜੁਰਮਾਨਾ

ਮੁੰਬਈ ਨੇ ਮੈਚ 5 ਵਿਕਟਾਂ ਨਾਲ ਜਿੱਤਿਆ। ਉਥੇ ਹੀ ਕੇਕੇਆਰ ਦੇ ਕਪਤਾਨ ਨਿਤੀਸ਼ ਰਾਣਾ ਨੂੰ ਮੈਚ ਦੌਰਾਨ ਆਈ.ਪੀ.ਐੱਲ. ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਲਈ ਮੈਚ ਫ਼ੀਸ ਦਾ 25 ਫ਼ੀਸਦੀ ਜੁਰਮਾਨਾ ਲਗਾਇਆ ਗਿਆ। ਰਾਣਾ ਨੇ ਆਈ.ਪੀ.ਐੱਲ. ਕੋਡ ਆਫ ਕੰਡਕਟ ਦੀ ਧਾਰਾ 2.21 ਦੇ ਤਹਿਤ 'ਲੈਵਲ 1' ਦਾ ਅਪਰਾਧ ਮੰਨਿਆ ਹੈ। ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ ਰਿਤਿਕ ਸ਼ੌਕੀਨ 'ਤੇ ਲੀਗ ਦੇ ਕੋਡ ਆਫ ਕੰਡਕਟ ਤਹਿਤ ਦੀ ਉਲੰਘਣਾ ਕਰਨ 'ਤੇ 10 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ: ਅੰਪਾਇਰਾਂ 'ਤੇ ਟਿੱਪਣੀ ਕਰ ਕਸੂਤੇ ਘਿਰੇ ਅਸ਼ਵਿਨ, ਲੱਗਾ ਭਾਰੀ ਜੁਰਮਾਨਾ

ਇਸ ਮੈਚ 'ਚ ਭਾਰਤੀ ਘਰੇਲੂ ਕ੍ਰਿਕਟ ਦੇ 2 ਖਿਡਾਰੀਆਂ ਦੀ ਆਪਸੀ ਰੰਜਿਸ਼ ਵੀ ਦੇਖਣ ਨੂੰ ਮਿਲੀ। ਰਾਣਾ ਅਤੇ ਸ਼ੋਕੀਨ ਵਿਚਾਲੇ ਤਿੱਖੀ ਬਹਿਸ ਹੋਈ। ਇਹ ਘਟਨਾ ਕੇਕੇਆਰ ਦੀ ਪਾਰੀ ਦੇ ਨੌਵੇਂ ਓਵਰ ਵਿੱਚ ਵਾਪਰੀ, ਜਦੋਂ ਸ਼ੌਕੀਨ ਨੇ ਰਾਣਾ ਨੂੰ ਆਊਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੁਝ ਕਿਹਾ। ਰਾਣਾ ਨੇ ਇਸ ਤੋਂ ਬਾਅਦ ਪਲਟ ਕੇ ਸ਼ੌਕੀਨ ਵੱਲ ਵਧਦੇ ਹੋਏ ਕੁਝ ਕਿਹਾ। ਮੁੰਬਈ ਇੰਡੀਅਨਜ਼ ਦੇ ਸਟੈਂਡ-ਇਨ ਕਪਤਾਨ ਸੂਰਿਆਕੁਮਾਰ ਯਾਦਵ ਅਤੇ ਟੀਮ ਦੇ ਸਭ ਤੋਂ ਸੀਨੀਅਰ ਖਿਡਾਰੀ ਪੀਯੂਸ਼ ਚਾਵਲਾ ਨੇ ਹਾਲਾਂਕਿ ਮਾਮਲੇ ਨੂੰ ਸ਼ਾਂਤ ਕਰਨ ਲਈ ਦਖ਼ਲ ਦਿੱਤਾ। ਸ਼ੌਕੀਨ ਨੇ ਆਈ.ਪੀ.ਐੱਲ. ਕੋਡ ਆਫ ਕੰਡਕਟ ਦੀ ਧਾਰਾ 2.5 ਦੇ ਤਹਿਤ 'ਲੈਵਲ 1' ਦਾ ਜੁਰਮ ਮੰਨਿਆ ਹੈ। ਕੋਡ ਆਫ ਕੰਡਕਟ ਦੇ 'ਲੈਵਲ ਵਨ' ਦੀ ਉਲੰਘਣਾ ਲਈ, ਮੈਚ ਰੈਫਰੀ ਦਾ ਫੈਸਲਾ ਅੰਤਿਮ ਹੁੰਦਾ ਹੈ।

ਇਹ ਵੀ ਪੜ੍ਹੋ: ਬ੍ਰੈਂਡਨ ਮੈਕੁਲਮ ਦੀ ਵਧੀ ਮੁਸ਼ਕਲ, ਇੰਗਲੈਂਡ ਕ੍ਰਿਕਟ ਬੋਰਡ ਨੇ ਸ਼ੁਰੂ ਕੀਤੀ ਸੱਟੇਬਾਜ਼ੀ ਨਾਲ ਜੁੜੇ ਇਸ਼ਤਿਹਾਰਾਂ ਦੀ ਜਾਂਚ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News