ਮੁੰਬਈ ਨੇ ਵਿਦਰਭ ਨੂੰ ਦਿੱਤਾ 538 ਦੌੜਾਂ ਦਾ ਟੀਚਾ

Tuesday, Mar 12, 2024 - 07:20 PM (IST)

ਮੁੰਬਈ, (ਭਾਸ਼ਾ)– ਨੌਜਵਾਨ ਬੱਲੇਬਾਜ਼ ਮੁਸ਼ੀਰ ਖਾਨ (136) ਦੇ ਸੈਂਕੜੇ ਤੋਂ ਇਲਾਵਾ ਸ਼੍ਰੇਅਸ ਅਈਅਰ (95) ਤੇ ਕਪਤਾਨ ਅਜਿੰਕਯ ਰਹਾਨੇ (73) ਦੇ ਅਰਧ ਸੈਂਕੜਿਆਂ ਨਾਲ ਮੁੰਬਈ ਨੇ ਰਣਜੀ ਟਰਾਫੀ ਫਾਈਨਲ ਦੇ ਤੀਜੇ ਦਿਨ ਮੰਗਲਵਾਰ ਨੂੰ ਇਥੇ ਵਿਦਰਭ ਨੂੰ 538 ਦੌੜਾਂ ਦਾ ਵੱਡਾ ਟੀਚਾ ਦੇ ਕੇ ਆਪਣਾ ਪਲੜਾ ਭਾਰੀ ਰੱਖਿਆ। ਦਿਨ ਦੀ ਖੇਡ ਖਤਮ ਹੋਣ ਤਕ ਵਿਦਰਭ ਨੇ ਬਿਨਾਂ ਵਿਕਟ ਗੁਆਏ 10 ਦੌੜਾਂ ਬਣਾ ਲਈਆਂ ਹਨ। ਧਰੁਵ ਸ਼ੋਰੇ 7 ਜਦਕਿ ਅਰਥਵ ਤਾਇਡੇ 3 ਦੌੜਾਂ ਬਣਾ ਕੇ ਖੇਡ ਰਿਹਾ ਹੈ। ਟੀਮ ਨੂੰ ਜਿੱਤ ਲਈ 528 ਦੌੜਾਂ ਹੋਰ ਬਣਾਉਣੀਆਂ ਹਨ।

ਮੁੰਬਈ ਨੇ 538 ਦੌੜਾਂ ਦਾ ਟੀਚਾ ਦੇ ਕੇ ਆਪਣਾ 42ਵਾਂ ਰਣਜੀ ਟਰਾਫੀ ਖਿਤਾਬ ਜਿੱਤਣ ਦਾ ਦਾਅਵਾ ਮਜ਼ਬੂਤ ਕਰ ਦਿੱਤਾ ਹੈ। ਮੁੰਬਈ ਦੇ ਬੱਲੇਬਾਜ਼ ਜ਼ਿਆਦਾਤਰ ਖੁੱਲ੍ਹ ਕੇ ਖੇਡੇ ਤੇ ਟੀਮ ਨੇ ਦੂਜੀ ਪਾਰੀ ’ਚ 418 ਦੌੜਾਂ ਬਣਾਈਆਂ। ਮੁੰਬਈ ਦੀਆਂ ਪਹਿਲੀ ਪਾਰੀਆਂ ਦੀਆਂ 224 ਦੌੜਾਂ ਦੇ ਜਵਾਬ ’ਚ ਵਿਦਰਭ ਦੀ ਟੀਮ ਪਹਿਲੀ ਪਾਰੀ ’ਚ 105 ਦੌੜਾਂ ਹੀ ਬਣਾ ਸਕੀ ਸੀ ਤੇ 119 ਦੌੜਾਂ ਨਾਲ ਪਿਛੜ ਗਈ ਸੀ।

ਮੁੰਬਈ ਨੇ ਦਿਨ ਦੀ ਸ਼ੁਰੂਆਤ 2 ਵਿਕਟਾਂ ’ਤੇ 141 ਦੌੜਾਂ ਤੋਂ ਕੀਤੀ। ਰਹਾਨੇ ਨੇ 58 ਦੌੜਾਂ ਨਾਲ ਅੱਗੇ ਖੇਡਦੇ ਹੋਏ ਚੌਕਾ ਲਾਇਆ ਪਰ ਖੱਬੇ ਹੱਥ ਦੇ ਸਪਿਨਰ ਹਰਸ ਦੂਬੇ (144 ਦੌੜਾਂ ’ਤੇ 5 ਵਿਕਟਾਂ) ਦੀ ਗੇਂਦ ’ਤੇ ਵਿਕਟਕੀਪਰ ਅਕਸ਼ੈ ਵਾਡਕਰ ਨੂੰ ਕੈਚ ਦੇ ਬੈਠਾ। ਉਸ ਨੇ 143 ਗੇਂਦਾਂ ਦਾ ਸਾਹਮਣਾ ਕਰਦੇ ਹੋਏ 5 ਚੌਕੇ ਤੇ 1 ਛੱਕਾ ਲਾਇਆ। ਅਈਅਰ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਰਵੱਈਆ ਅਪਣਾਇਆ। ਉਸ ਨੇ ਤੇਜ਼ ਗੇਂਦਬਾਜ਼ ਆਦਿੱਤਿਆ ਠਾਕਰੇ ’ਤੇ ਛੱਕੇ ਨਾਲ ਸ਼ੁਰੂਆਤ ਕੀਤੀ ਤੇ 111 ਗੇਂਦਾਂ ਦੀ ਆਪਣੀ ਪਾਰੀ ’ਚ 10 ਚੌਕੇ ਤੇ 3 ਛੱਕੇ ਲਾਏ। ਉਸ ਨੇ ਮੁਸ਼ੀਰ ਦੇ ਨਾਲ ਚੌਥੀ ਵਿਕਟ ਲਈ 256 ਗੇਂਦਾਂ ’ਚ 168 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਅਈਅਰ ਹਾਲਾਂਕਿ ਸੈਂਕੜੇ ਤੋਂ ਸਿਰਫ 5 ਦੌੜਾਂ ਨਾਲ ਖੁੰਝ ਗਿਆ ਜਦੋਂ ਉਸ ਨੇ ਆਦਿਤਿਆ ਠਾਕਰੇ (39 ਦੌੜਾਂ ’ਤੇ 1 ਵਿਕਟ) ਦੀ ਗੇਂਦ ’ਤੇ ਵੱਡੀ ਸ਼ਾਟ ਖੇਡਣ ਦੀ ਕੋਸ਼ਿਸ਼ ’ਚ ਲਾਂਗ ਆਨ ’ਤੇ ਅਮਨ ਮੋਖਾੜੇ ਨੂੰ ਕੈਚ ਦੇ ਦਿੱਤਾ। ਮੁਸ਼ੀਰ ਵੀ ਅਈਅਰ ਦੇ ਨਾਲ ਸਾਂਝੇਦਾਰੀ ਦੌਰਾਨ ਚੰਗੀ ਲੈਅ ’ਚ ਦਿਸਿਆ। ਇਸ 18 ਸਾਲਾ ਬੱਲੇਬਾਜ਼ ਨੇ ਚੌਕਸੀ ਨਾਲ ਬੱਲੇਬਾਜ਼ੀ ਕਰਦੇ ਹੋਏ ਆਸਾਨੀ ਨਾਲ ਇਕ-ਇਕ ਤੇ ਦੋ-ਦੋ ਦੌੜਾਂ ਜੋੜੀਆਂ। ਉਸ ਨੇ ਖਰਾਬ ਗੇਂਦ ਨੂੰ ਸਬਕ ਸਿਖਾਉਣ ਵਿਚ ਕੋਤਾਹੀ ਨਹੀਂ ਵਰਤੀ।

ਇਸ ਸਾਲ ਰਣਜੀ ਨਾਕਆਊਟ ਮੁਕਾਬਲਿਆਂ ’ਚ ਅਜੇਤੂ 203 ਤੇ 55 ਦੌੜਾਂ ਦੀ ਪਾਰੀ ਖੇਡਣ ਵਾਲੇ ਮੁਸ਼ੀਰ ਨੇ ਇਕ ਵਾਰ ਫਿਰ ਮੁੰਬਈ ਦੇ ਮੱਧ ਕ੍ਰਮ ਨੂੰ ਮਜ਼ਬੂਤੀ ਦਿੱਤੀ ਤੇ 474 ਮਿੰਟ ਦੀ ਪਾਰੀ ’ਚ 326 ਗੇਂਦਾਂ ਦਾ ਸਾਹਮਣਾ ਕਰਦੇ ਹੋਏ 10 ਚੌਕੇ ਲਾਏ। ਦੂਬੇ ਨੇ ਪਹਿਲੀ ਪਾਰੀ ਦੀ ਤਰ੍ਹਾਂ ਦੂਜੀ ਪਾਰੀ ’ਚ ਵੀ ਮੁਸ਼ੀਰ ਨੂੰ ਐੱਲ. ਬੀ. ਡਬਲਯੂ. ਕਰਕੇ ਉਸਦੀ ਪਾਰੀ ਦਾ ਅੰਤ ਕੀਤਾ। ਮੁੰਬਈ ਦੇ ਹੇਠਲੇਕ੍ਰਮ ਦੇ ਬੱਲੇਬਾਜ਼ ਜ਼ਿਆਦਾ ਸਮੇਂ ਨਹੀਂ ਟਿਕ ਸਕੇ ਪਰ ਸ਼ਮਸ ਮੁਲਾਨੀ ਨੇ 85 ਗੇਂਦਾਂ ’ਚ 6 ਚੌਕਿਆਂ ਦੀ ਮਦਦ ਨਾਲ ਅਜੇਤੂ 50 ਦੌੜਾਂ ਦੀ ਪਾਰੀ ਖੇਡ ਕੇ ਟੀਮ ਦੀ ਬੜ੍ਹਤ ਨੂੰ 500 ਦੌੜਾਂ ਦੇ ਪਾਰ ਪਹੁੰਚਾਇਆ।


Tarsem Singh

Content Editor

Related News