ਰਣਜੀ ਖਿਡਾਰੀਆਂ ਨੂੰ ਮੁੰਬਈ ਕ੍ਰਿਕਟ ਸੰਘ ਦਾ ਤੋਹਫਾ, ਤਨਖਾਹ ਕੀਤੀ ਦੁੱਗਣੀ

Sunday, Mar 24, 2024 - 03:58 PM (IST)

ਰਣਜੀ ਖਿਡਾਰੀਆਂ ਨੂੰ ਮੁੰਬਈ ਕ੍ਰਿਕਟ ਸੰਘ ਦਾ ਤੋਹਫਾ, ਤਨਖਾਹ ਕੀਤੀ ਦੁੱਗਣੀ

ਮੁੰਬਈ— ਮੁੰਬਈ ਕ੍ਰਿਕਟ ਸੰਘ (ਐੱਮ.ਸੀ.ਏ.) ਨੇ ਹਾਲ ਹੀ 'ਚ 42ਵੀਂ ਵਾਰ ਰਣਜੀ ਟਰਾਫੀ ਖਿਤਾਬ ਜਿੱਤਣ ਵਾਲੇ ਸੀਨੀਅਰ ਪੁਰਸ਼ ਖਿਡਾਰੀਆਂ ਨੂੰ ਉਨ੍ਹਾਂ ਦੀ ਤਨਖਾਹ 'ਚ 100 ਫੀਸਦੀ ਵਾਧੇ ਦਾ ਐਲਾਨ ਕਰਦੇ ਹੋਏ ਹੋਲੀ ਦਾ ਤੋਹਫਾ ਦਿੱਤਾ ਹੈ। ਐੱਮਸੀਏ ਨੇ ਕਿਹਾ ਕਿ ਇਹ ਵਾਧਾ 2024-25 ਸੈਸ਼ਨ ਤੋਂ ਲਾਗੂ ਹੋਵੇਗਾ। ਇਸ ਦੇ ਨਾਲ ਹੀ,ਐੱਮਸੀਏ  ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਬਰਾਬਰ ਹਰੇਕ ਖਿਡਾਰੀ ਨੂੰ ਮੈਚ ਫੀਸ ਵੀ ਅਦਾ ਕਰੇਗੀ।
ਬੀਸੀਸੀਆਈ ਦੇ ਨਿਯਮਾਂ ਮੁਤਾਬਕ 40 ਤੋਂ ਵੱਧ ਪਹਿਲੀ ਸ਼੍ਰੇਣੀ ਮੈਚ ਖੇਡਣ ਵਾਲੇ ਕ੍ਰਿਕਟਰਾਂ ਨੂੰ ਇੱਕ ਦਿਨ ਦੀ ਖੇਡ ਲਈ 60,000 ਰੁਪਏ ਮਿਲਦੇ ਹਨ। ਜਦੋਂ ਕਿ 21-40 ਮੈਚ ਖੇਡਣ ਵਾਲਿਆਂ ਲਈ ਇਹ ਅੰਕੜਾ 50 ਹਜ਼ਾਰ ਰੁਪਏ ਹੈ। 20 ਤੋਂ ਘੱਟ ਮੈਚ ਖੇਡਣ ਵਾਲੇ ਖਿਡਾਰੀਆਂ ਨੂੰ 40 ਹਜ਼ਾਰ ਰੁਪਏ ਪ੍ਰਤੀ ਦਿਨ ਮਿਲਦੇ ਹਨ। ਐੱਮਸੀਏ ਨੇ ਰਣਜੀ ਟਰਾਫੀ ਜੇਤੂ ਟੀਮ ਲਈ 5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਸੀ। ਇਹ ਬੀਸੀਸੀਆਈ ਦੀ ਇਨਾਮੀ ਰਾਸ਼ੀ ਤੋਂ ਵੀ ਵੱਧ ਹੈ।
ਐੱਮਸੀਏ ਦੇ ਇਸ ਕਦਮ ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਗੈਰ-ਕੰਟਰੈਕਟਡ ਮੁੰਬਈ ਦੇ ਖਿਡਾਰੀਆਂ ਨੂੰ ਫਾਇਦਾ ਹੋਵੇਗਾ। ਇਹ ਘੋਸ਼ਣਾ ਕਰਦੇ ਹੋਏ,ਐੱਮਸੀਏ ਦੇ ਪ੍ਰਧਾਨ ਅਮੋਲ ਕਾਲੇ ਨੇ ਕਿਹਾ, “ਰਣਜੀ ਟਰਾਫੀ ਖੇਡਣ ਵਾਲੇ ਖਿਡਾਰੀਆਂ ਦੀ ਚੰਗੀ ਆਮਦਨ ਹੋਣੀ ਚਾਹੀਦੀ ਹੈ। ਮੁੰਬਈ 'ਚ ਰਣਜੀ ਟਰਾਫੀ ਅਤੇ ਲਾਲ ਗੇਂਦ ਕ੍ਰਿਕਟ ਦਾ ਆਪਣਾ ਮਹੱਤਵ ਹੈ। ਜ਼ਿਕਰਯੋਗ ਹੈ ਕਿ ਮੁੰਬਈ ਦੇ ਸਾਬਕਾ ਦਿੱਗਜ ਖਿਡਾਰੀ ਸੁਨੀਲ ਗਾਵਸਕਰ ਨੇ ਵੀ ਪਹਿਲੀ ਸ਼੍ਰੇਣੀ ਦੇ ਕ੍ਰਿਕਟਰਾਂ ਦੀ ਤਨਖਾਹ ਅਤੇ ਸਹੂਲਤਾਂ ਵਧਾਉਣ ਦੀ ਮੰਗ ਕੀਤੀ ਸੀ। ਉਸ ਨੇ ਬੀਸੀਸੀਆਈ ਨੂੰ ਘਰੇਲੂ ਮੈਚ ਫੀਸ ਨੂੰ ਘੱਟੋ-ਘੱਟ ਦੁੱਗਣਾ ਜਾਂ ਤਿੰਨ ਗੁਣਾ ਕਰਨ ਦੀ ਬੇਨਤੀ ਕੀਤੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਇਸ ਨਾਲ ਰਣਜੀ ਟਰਾਫੀ ਖੇਡਣ ਵਾਲੇ ਖਿਡਾਰੀਆਂ ਦੀ ਗਿਣਤੀ ਵਧੇਗੀ।


author

Aarti dhillon

Content Editor

Related News