ਧੋਨੀ ਦੇ ਆਊਟ ਹੋਣ ਦਾ ਗ਼ਮ ਨਾ ਝਲ ਸਕਿਆ ਫੈਨ, ਅਗਲੇ ਹੀ ਪਲ ਤੋੜ ਦਿੱਤਾ ਦਮ
Thursday, Jul 11, 2019 - 01:02 PM (IST)

ਨਵੀਂ ਦਿੱਲੀ— ਟਾਪ ਆਰਡਰ ਦੇ ਬੱਲੇਬਾਜ਼ਾਂ ਦੀ ਅਸਫਲਤਾ ਕਾਰਨ ਭਾਰਤ ਨੂੰ ਵਰਲਡ ਕੱਪ ਦੇ ਸਾਹ ਰੋਕ ਦੇਣ ਵਾਲੇ ਸੈਮੀਫਾਈਨਲ 'ਚ ਬੁੱਧਵਾਰ ਨੂੰ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਭਾਰਤੀ ਟੀਮ ਵਰਲਡ ਕੱਪ ਤੋਂ ਬਾਹਰ ਹੋ ਗਈ। ਭਾਰਤ ਦੀ ਹਾਰ ਦੇ ਨਾਲ ਹੀ ਕਰੋੜਾਂ ਭਾਰਤੀਆਂ ਦਾ ਸੁਪਨਾ ਇਕ ਝਟਕੇ ਨਾਲ ਟੁੱਟ ਗਿਆ। ਜਦਕਿ ਕੋਲਕਾਤਾ 'ਚ ਇਕ ਅਜਿਹਾ ਫੈਨ ਵੀ ਸੀ ਜੋ ਵਰਲਡ ਕੱਪ ਤੋਂ ਭਾਰਤ ਦੇ ਬਾਹਰ ਹੋਣ ਦਾ ਸਦਮਾ ਸਹਿਨ ਨਾ ਕਰ ਸਕਿਆ ਅਤੇ ਉਸ ਦੀ ਮੌਤ ਹੋ ਗਈ।
ਮੋਬਾਇਲ 'ਤੇ ਮੈਚ ਦੇਖ ਰਿਹੇ ਸਨ ਸ਼੍ਰੀਕਾਂਤ ਮੈਤੀ
ਦਰਅਸਲ ਭਾਰਤ-ਨਿਊਜ਼ੀਲੈਂਡ ਦਾ ਰੋਮਾਂਚਕ ਮੁਕਾਬਲਾ ਜਦੋਂ ਕਲਾਈਮੈਕਸ 'ਤੇ ਸੀ ਉਸ ਸਮੇਂ ਕੋਲਕਾਤਾ ਦੇ ਸਾਈਕਲ ਦੁਕਾਨਦਾਰ ਸ਼੍ਰੀਕਾਂਤ ਮੈਤੀ ਆਪਣੀ ਦੁਕਾਨ 'ਤੇ ਬੈਠੇ ਮੋਬਾਇਲ 'ਤੇ ਮੈਚ ਦੇਖ ਰਹੇ ਸਨ। ਆਖਰੀ 11 ਗੇਂਦਾਂ 'ਚ ਭਾਰਤ ਨੂੰ 25 ਦੌੜਾਂ ਚਾਹੀਦੀਆਂ ਸਨ। 48ਵੇਂ ਓਵਰ ਦੀ ਦੂਜੀ ਗੇਂਦ 'ਤੇ ਕੋਈ ਦੌੜ ਨਹੀਂ ਬਣੀ। ਤੀਜੀ ਗੇਂਦ 'ਤੇ ਐੱਮ.ਐੱਸ. ਧੋਨੀ ਧੋਨੀ ਇਕ ਦੌੜ ਲਈ ਤੇਜ਼ੀ ਨਾਲ ਦੌੜੇ ਅਤੇ ਦੂਜੇ ਲਈ ਓਨੀ ਹੀ ਤੇਜ਼ੀ ਨਾਲ ਪਰਤੇ ਪਰ ਮਾਰਟਿਨ ਗੁਪਟਿਲ ਦਾ ਸਿੱਧਾ ਥ੍ਰੋਅ ਵਿਕਟ ਡਿੱਗਾ ਚੁੱਕਾ ਸੀ ਅਤੇ ਧੋਨੀ ਰਨ ਆਊਟ ਹੋ ਗਏ। ਧੋਨੀ ਦੇ ਵਿਕਟ ਦੇ ਡਿੱਗਣ ਨੇ ਸ਼੍ਰੀਕਾਂਤ ਮੈਤੀ ਨੂੰ ਅਜਿਹਾ ਝਟਕਾ ਦਿੱਤਾ ਕਿ ਅਗਲੇ ਹੀ ਪਲ ਉਨ੍ਹਾਂ ਦੇ ਸਾਹ ਰੁਕ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਭਾਰਤ ਦਾ ਟੁੱਟਿਆ ਵਰਲਡ ਕੱਪ ਜੇਤੂ ਬਣਨ ਸੁਪਨਾ
ਰਵਿੰਦਰ ਜਡੇਜਾ ਦੀ ਆਕਰਸ਼ਕ ਪਾਰੀ ਦੇ ਬਾਵਜੂਦ ਭਾਰਤ ਨੂੰ ਟਾਪ ਆਰਡਰ ਦੀ ਅਸਫਲਤਾ ਕਾਰਨ ਵਰਲਡ ਕੱਪ ਸੈਮੀਫਾਈਨਲ 'ਚ ਬੁੱਧਵਾਰ ਨੂੰ ਇੱਥੇ ਨਿਊਜ਼ੀਲੈਂਡ ਦੇ ਹੱਥੋਂ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਉਸ ਦਾ ਇਸ ਕ੍ਰਿਕਟ ਮਹਾਕੁੰਭ 'ਚ ਸਫਰ ਵੀ ਸਮਾਪਤ ਹੋ ਗਿਆ। ਭਾਰਤ ਕੋਲ 240 ਦੌੜਾਂ ਦਾ ਟੀਚਾ ਸੀ ਪਰ ਟਾਪ ਆਰਡਰ ਬੁਰੀ ਤਰ੍ਹਾਂ ਢਹਿ-ਢੇਰੀ ਹੋ ਗਿਆ ਪਰ ਜਡੇਜਾ (59 ਗੇਂਦਾਂ 'ਤੇ 74 ਦੌੜਾਂ) ਅਤੇ ਮਹਿੰਦਰ ਸਿੰਘ ਧੋਨੀ (72 ਗੇਂਦਾਂ 'ਤੇ 50 ਦੌੜਾਂ) ਨੇ ਸਤਵੇਂ ਵਿਕਟ ਲਈ 116 ਦੌੜਾਂ ਜੋੜ ਕੇ ਮੈਚ ਜਿੱਤਣ ਦੀ ਉਮੀਦ ਨੂੰ ਬਣਾਏ ਰਖਿਆ। ਭਾਰਤ ਨੇ ਹਾਲਾਂਕਿ ਦਬਾਅ 'ਚ ਆਖ਼ਰੀ ਚਾਰ ਵਿਕਟਾਂ 13 ਦੌੜਾਂ ਦੇ ਅੰਦਰ ਗੁਆ ਦਿੱਤੀਆਂ ਅਤੇ ਇਸ ਤਰ੍ਹਾਂ ਨਿਊਜ਼ੀਲੈਂਡ ਲਗਾਤਾਰ ਦੂਜੀ ਵਾਰ ਫਾਈਨਲ 'ਚ ਜਗ੍ਹਾ ਬਣਾਉਣ 'ਚ ਸਫਲ ਰਿਹਾ।