ਮੋਹਨ ਬਾਗਾਨ ਨੇ ਖਿਡਾਰੀਆਂ ਨੂੰ ਰਿਲੀਜ਼ ਕਰਨ ਤੋਂ ਕੀਤਾ ਇਨਕਾਰ
Tuesday, Aug 19, 2025 - 12:48 PM (IST)

ਕੋਲਕਾਤਾ– ਇੰਡੀਅਨ ਸੁਪਰ ਲੀਗ ਦੇ ਮੌਜੂਦਾ ਚੈਂਪੀਅਨ ਮੋਹਨ ਬਾਗਾਨ ਨੇ ਆਪਣਾ ਫੈਸਲਾ ਬਰਕਰਾਰ ਰੱਖਦੇ ਹੋਏ ਸੋਮਵਾਰ ਨੂੰ ਆਪਣੇ ਖਿਡਾਰੀਆਂ ਨੂੰ ਰਾਸ਼ਟਰੀ ਕੈਂਪ ਲਈ ਭੇਜਣ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਫੀਫਾ ਵਿੰਡੋ ਤੋਂ ਬਾਹਰ ਇਹ ਜ਼ਰੂਰੀ ਨਹੀਂ ਹੈ। ਭਾਰਤੀ ਟੀਮ ਨੇ ਅਗਲੇ ਮਹੀਨੇ ਹੋਣ ਵਾਲੇ ਸੀ. ਏ. ਐੱਫ. ਏ. ਨੇਸ਼ਨਸ ਕੱਪ ਤੋਂ ਪਹਿਲਾਂ 15 ਅਗਸਤ ਨੂੰ ਬੈਂਗਲੁਰੂ ਵਿਚ ਆਪਣਾ ਅਭਿਆਸ ਕੈਂਪ ਸ਼ੁਰੂ ਕੀਤਾ ਪਰ ਮੋਹਨ ਬਾਗਾਨ ਦੇ 7 ਖਿਡਾਰੀਆਂ ਸਮੇਤ 13 ਖਿਡਾਰੀ ਕੈਂਪ ਵਿਚ ਸ਼ਾਮਲ ਨਹੀਂ ਹੋਏ।
ਮੋਹਨ ਬਾਗਾਨ ਨੇ ਡੂਰੰਡ ਕੱਪ ਦਾ ਹਵਾਲਾ ਦੇ ਕੇ ਪਹਿਲਾਂ ਆਪਣੇ ਖਿਡਾਰੀਆਂ ਨੂੰ ਰਾਸ਼ਟਰੀ ਕੈਂਪ ਲਈ ਰਿਲੀਜ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਸਦੀ ਟੀਮ ਡੂਰੰਡ ਕੱਪ ਦੇ ਕੁਆਰਟਰ ਫਾਈਨਲ ਵਿਚ ਈਸਟ ਬੰਗਾਲ ਹੱਥੋਂ ਹਾਰ ਗਈ ਪਰ ਕਲੱਬ ਨੇ ਇਸ ਤੋਂ ਬਾਅਦ ਵੀ ਆਪਣਾ ਪੁਰਾਣਾ ਰਵੱਈਆ ਬਰਕਰਾਰ ਰੱਖਿਆ ਹੈ। ਬਾਗਾਨ ਨੇ ਹੁਣ 16 ਸਤੰਬਰ ਨੂੰ ਸਾਲਟ ਲੇਕ ਸਟੇਡੀਅਮ ਵਿਚ ਤੁਰਕਮੇਨਿਸਤਾਨ ਦੇ ਅਹਿਲ ਐੱਫ. ਸੀ. ਵਿਰੁੱਧ ਹੋਣ ਵਾਲੇ ਏ. ਐੱਫ. ਸੀ. ਚੈਂਪੀਅਨਸ ਲੀਗ ਟੂ ਦੇ ਆਪਣੇ ਪਹਿਲੇ ਮੈਚ ਦਾ ਹਵਾਲਾ ਦਿੱਤਾ ਹੈ।
ਕਲੱਬ ਨੇ ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ’ਤੇ ਖਿਡਾਰੀਆਂ ਦੀ ਪ੍ਰਵਾਹ ਨਾ ਕਰਨ ਦਾ ਦੋਸ਼ ਲਾਇਆ ਹੈ।