ਘਰੇਲੂ ਕ੍ਰਿਕਟ ''ਚ ਧਮਾਲ ਮਚਾਉਣ ਵਾਲੇ ਸ਼ਮੀ ਨੂੰ ਫਿਰ ਮਿਲੀ ''ਨਿਰਾਸ਼ਾ'', ਵਨਡੇ ਸੀਰੀਜ਼ ''ਚ ਨਹੀਂ ਮਿਲੀਆ ਮੌਕਾ

Saturday, Jan 03, 2026 - 06:05 PM (IST)

ਘਰੇਲੂ ਕ੍ਰਿਕਟ ''ਚ ਧਮਾਲ ਮਚਾਉਣ ਵਾਲੇ ਸ਼ਮੀ ਨੂੰ ਫਿਰ ਮਿਲੀ ''ਨਿਰਾਸ਼ਾ'', ਵਨਡੇ ਸੀਰੀਜ਼ ''ਚ ਨਹੀਂ ਮਿਲੀਆ ਮੌਕਾ

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਨਿਊਜ਼ੀਲੈਂਡ ਵਿਰੁੱਧ 11 ਜਨਵਰੀ ਤੋਂ ਵਡੋਦਰਾ ਵਿੱਚ ਸ਼ੁਰੂ ਹੋ ਰਹੀ ਇੱਕ ਰੋਜ਼ਾ (ODI) ਸੀਰੀਜ਼ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਚੋਣ ਵਿੱਚ ਸਭ ਤੋਂ ਹੈਰਾਨੀਜਨਕ ਫੈਸਲਾ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਲੈ ਕੇ ਲਿਆ ਗਿਆ ਹੈ, ਜਿਨ੍ਹਾਂ ਨੂੰ ਸਿਲੈਕਟਰਾਂ ਨੇ ਇੱਕ ਵਾਰ ਫਿਰ ਨਜ਼ਰਅੰਦਾਜ਼ ਕਰ ਦਿੱਤਾ ਹੈ।

ਨਿਊਜ਼ੀਲੈਂਡ ਵਿਰੁੱਧ ਹੋਣ ਵਾਲੀ ਇਸ ਸੀਰੀਜ਼ ਲਈ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪੰਡਯਾ ਨੂੰ ਆਰਾਮ ਦਿੱਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਇਨ੍ਹਾਂ ਦੋਵਾਂ ਦੀ ਗੈਰ-ਮੌਜੂਦਗੀ ਵਿੱਚ ਸ਼ਮੀ ਦੀ ਟੀਮ ਵਿੱਚ ਵਾਪਸੀ ਹੋਵੇਗੀ ਪਰ ਅਜਿਹਾ ਨਹੀਂ ਹੋਇਆ। 35 ਸਾਲਾ ਸ਼ਮੀ ਪਿਛਲੇ ਕਾਫੀ ਸਮੇਂ ਤੋਂ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਨ ਅਤੇ ਉਨ੍ਹਾਂ ਨੂੰ ਇੰਗਲੈਂਡ ਦੌਰੇ, ਆਸਟ੍ਰੇਲੀਆ ਵਿਰੁੱਧ ਵਾਈਟ-ਬਾਲ ਸੀਰੀਜ਼ ਅਤੇ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਮੈਚਾਂ ਵਿੱਚ ਵੀ ਮੌਕਾ ਨਹੀਂ ਮਿਲਿਆ ਸੀ।

ਹਾਲਾਂਕਿ ਸ਼ਮੀ ਨੇ ਭਾਰਤੀ ਟੀਮ ਵਿੱਚ ਵਾਪਸੀ ਲਈ ਘਰੇਲੂ ਸੀਜ਼ਨ ਵਿੱਚ ਜੀ-ਤੋੜ ਮਿਹਨਤ ਕੀਤੀ ਹੈ। ਉਨ੍ਹਾਂ ਦੇ ਅੰਕੜੇ ਉਨ੍ਹਾਂ ਦੀ ਫਾਰਮ ਦੀ ਗਵਾਹੀ ਭਰਦੇ ਹਨ:
• ਰਣਜੀ ਟਰਾਫੀ: 4 ਮੈਚਾਂ ਵਿੱਚ 20 ਵਿਕਟਾਂ ਝਟਕਾਈਆਂ।
• ਸੈਯਦ ਮੁਸ਼ਤਾਕ ਅਲੀ ਟਰਾਫੀ: 7 ਮੈਚਾਂ ਵਿੱਚ 14.93 ਦੀ ਸ਼ਾਨਦਾਰ ਔਸਤ ਨਾਲ 16 ਵਿਕਟਾਂ ਲਈਆਂ।
• ਵਿਜੇ ਹਜ਼ਾਰੇ ਟਰਾਫੀ: ਹੁਣ ਤੱਕ ਖੇਡੇ ਗਏ ਮੈਚਾਂ ਵਿੱਚ 9 ਵਿਕਟਾਂ ਲੈ ਕੇ ਬੰਗਾਲ ਦੀ ਟੀਮ ਨੂੰ ਜਿੱਤਾਂ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਚੈਂਪੀਅਨਜ਼ ਟਰਾਫੀ ਤੋਂ ਬਾਅਦ ਵਾਪਸੀ ਦਾ ਇੰਤਜ਼ਾਰ 

ਜ਼ਿਕਰਯੋਗ ਹੈ ਕਿ ਮੁਹੰਮਦ ਸ਼ਮੀ ਆਖਰੀ ਵਾਰ ਭਾਰਤ ਲਈ ਚੈਂਪੀਅਨਜ਼ ਟਰਾਫੀ 2025 ਵਿੱਚ ਖੇਡੇ ਸਨ, ਜਿੱਥੇ ਉਹ 9 ਵਿਕਟਾਂ ਲੈ ਕੇ ਟੀਮ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ ਸਨ। ਇੰਨੇ ਵਧੀਆ ਟਰੈਕ ਰਿਕਾਰਡ ਅਤੇ ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਵਾਪਸੀ ਦੇ ਬਾਵਜੂਦ, ਸਿਲੈਕਟਰਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਬਾਹਰ ਰੱਖਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ।


author

Rakesh

Content Editor

Related News