ਰਣਜੀ ਟਰਾਫੀ ਸੈਮੀਫਾਈਨਲ ''ਚ ਮੁਹੰਮਦ ਸ਼ਮੀ ਦਾ ''ਕਹਿਰ'', ਇਰਫਾਨ ਪਠਾਨ ਨੇ ਕੀਤੀ ਰੱਜ ਕੇ ਤਾਰੀਫ਼

Tuesday, Feb 17, 2026 - 06:48 PM (IST)

ਰਣਜੀ ਟਰਾਫੀ ਸੈਮੀਫਾਈਨਲ ''ਚ ਮੁਹੰਮਦ ਸ਼ਮੀ ਦਾ ''ਕਹਿਰ'', ਇਰਫਾਨ ਪਠਾਨ ਨੇ ਕੀਤੀ ਰੱਜ ਕੇ ਤਾਰੀਫ਼

ਕਲਿਆਣੀ (ਪੱਛਮੀ ਬੰਗਾਲ) : ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਰਣਜੀ ਟਰਾਫੀ 2025-26 ਦੇ ਸੈਮੀਫਾਈਨਲ ਵਿੱਚ ਬੰਗਾਲ ਵੱਲੋਂ ਖੇਡਦਿਆਂ ਜੰਮੂ-ਕਸ਼ਮੀਰ ਵਿਰੁੱਧ ਇਤਿਹਾਸਕ ਪ੍ਰਦਰਸ਼ਨ ਕੀਤਾ ਹੈ। ਬੰਗਾਲ ਕ੍ਰਿਕਟ ਅਕੈਡਮੀ ਗਰਾਊਂਡ 'ਤੇ ਖੇਡੇ ਜਾ ਰਹੇ ਇਸ ਅਹਿਮ ਮੁਕਾਬਲੇ ਵਿੱਚ ਸ਼ੰਮੀ ਨੇ ਘਾਤਕ ਗੇਂਦਬਾਜ਼ੀ ਕਰਦਿਆਂ 90 ਦੌੜਾਂ ਦੇ ਕੇ 8 ਵਿਕਟਾਂ (8/90) ਹਾਸਲ ਕੀਤੀਆਂ, ਜੋ ਉਨ੍ਹਾਂ ਦੇ ਫਰਸਟ ਕਲਾਸ ਕਰੀਅਰ ਦਾ ਸਭ ਤੋਂ ਬਿਹਤਰੀਨ ਅੰਕੜਾ ਹੈ।

ਨਵੀਂ ਗੇਂਦ ਨਾਲ ਮਚਾਇਆ ਤਹਿਲਕਾ 
ਸ਼ੰਮੀ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਆਪਣੀ ਸਵਿੰਗ ਅਤੇ ਰਫ਼ਤਾਰ ਨਾਲ ਜੰਮੂ-ਕਸ਼ਮੀਰ ਦੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਨਵੀਂ ਗੇਂਦ ਨਾਲ ਦੋਵਾਂ ਸਲਾਮੀ ਬੱਲੇਬਾਜ਼ਾਂ ਨੂੰ ਜਲਦੀ ਪਵੇਲੀਅਨ ਭੇਜ ਦਿੱਤਾ। ਸ਼ੰਮੀ ਨੇ 59ਵੇਂ ਓਵਰ ਵਿੱਚ ਪੰਜਵੀਂ ਵਿਕਟ ਲੈ ਕੇ ਆਪਣਾ 'ਫਾਈਵ ਵਿਕਟ ਹਾਲ' ਪੂਰਾ ਕੀਤਾ ਅਤੇ ਫਿਰ 77ਵੇਂ ਓਵਰ ਵਿੱਚ 8ਵਾਂ ਸ਼ਿਕਾਰ ਕਰਕੇ ਆਪਣਾ ਸਰਵੋਤਮ ਪ੍ਰਦਰਸ਼ਨ ਦਰਜ ਕੀਤਾ।

ਇਰਫਾਨ ਪਠਾਨ ਨੇ ਦਿੱਤੀ ਸ਼ਾਬਾਸ਼ੀ 
ਸਾਬਕਾ ਭਾਰਤੀ ਆਲਰਾਊਂਡਰ ਇਰਫਾਨ ਪਠਾਨ ਨੇ ਸ਼ੰਮੀ ਦੇ ਇਸ ਜਜ਼ਬੇ ਦੀ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਖੂਬ ਸ਼ਲਾਘਾ ਕੀਤੀ ਹੈ। ਪਠਾਨ ਨੇ ਲਿਖਿਆ ਕਿ ਜਦੋਂ ਦੁਨੀਆ ਭਰ ਵਿੱਚ ਵਿਸ਼ਵ ਕੱਪ ਦਾ ਰੌਲਾ ਹੈ, ਉਦੋਂ ਭਾਰਤ ਦੇ ਚੋਟੀ ਦੇ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਮੁਹੰਮਦ ਸ਼ੰਮੀ ਰਣਜੀ ਟਰਾਫੀ ਵਿੱਚ ਸਖ਼ਤ ਮਿਹਨਤ ਕਰ ਰਹੇ ਹਨ ਅਤੇ ਸੈਮੀਫਾਈਨਲ ਵਿੱਚ 8 ਵਿਕਟਾਂ ਲੈ ਰਹੇ ਹਨ।

ਟੀਮ ਇੰਡੀਆ ਤੋਂ ਬਾਹਰ ਰਹਿਣ ਦੇ ਬਾਵਜੂਦ ਜਾਰੀ ਹੈ ਸੰਘਰਸ਼ 
35 ਸਾਲਾ ਸ਼ੰਮੀ ਪਿਛਲੇ ਇੱਕ ਸਾਲ ਤੋਂ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ। ਉਨ੍ਹਾਂ ਨੇ ਆਖਰੀ ਵਾਰ 2025 ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ, ਜਿੱਥੇ 9 ਵਿਕਟਾਂ ਲੈ ਕੇ ਉਨ੍ਹਾਂ ਨੇ ਭਾਰਤ ਨੂੰ ਖਿਤਾਬ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਹਾਲਾਂਕਿ, ਘਰੇਲੂ ਕ੍ਰਿਕਟ ਵਿੱਚ ਉਨ੍ਹਾਂ ਦਾ ਫਾਰਮ ਬੇਮਿਸਾਲ ਹੈ। ਇਸ ਸੀਜ਼ਨ ਵਿੱਚ ਉਹ ਹੁਣ ਤੱਕ 7 ਮੈਚਾਂ ਵਿੱਚ 38 ਵਿਕਟਾਂ ਲੈ ਚੁੱਕੇ ਹਨ, ਜਿਸ ਵਿੱਚ ਤਿੰਨ ਵਾਰ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਸ਼ਾਮਲ ਹੈ।

ਮੈਚ ਦੀ ਸਥਿਤੀ: ਜੰਮੂ-ਕਸ਼ਮੀਰ ਸਾਹਮਣੇ ਇਤਿਹਾਸਕ ਮੌਕਾ
ਸ਼ੰਮੀ ਦੀ ਇਸ ਗੇਂਦਬਾਜ਼ੀ ਸਦਕਾ ਬੰਗਾਲ ਨੇ ਪਹਿਲੀ ਪਾਰੀ ਵਿੱਚ 26 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ। ਪਰ ਦੂਜੀ ਪਾਰੀ ਵਿੱਚ ਬੰਗਾਲ ਦੀ ਟੀਮ ਸਿਰਫ਼ 99 ਦੌੜਾਂ 'ਤੇ ਹੀ ਸਿਮਟ ਗਈ, ਜਿਸ ਕਾਰਨ ਜੰਮੂ-ਕਸ਼ਮੀਰ ਨੂੰ ਜਿੱਤ ਲਈ 126 ਦੌੜਾਂ ਦਾ ਟੀਚਾ ਮਿਲਿਆ ਹੈ। ਜੰਮੂ-ਕਸ਼ਮੀਰ ਦੀ ਟੀਮ ਪਹਿਲੀ ਵਾਰ ਰਣਜੀ ਟਰਾਫੀ ਦੇ ਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਰਚਣ ਦੀ ਦਹਿਲੀਜ਼ 'ਤੇ ਖੜ੍ਹੀ ਹੈ।


author

Tarsem Singh

Content Editor

Related News