ਮੁਹੰਮਦ ਸ਼ੰਮੀ ਕੋਵਿਡ-19 ਪਾਜ਼ੇਟਿਵ, ਆਸਟ੍ਰੇਲੀਆ ਸੀਰੀਜ਼ 'ਚੋਂ ਹੋਏ ਬਾਹਰ

09/18/2022 5:36:48 AM

ਸਪੋਰਟਸ ਡੈਸਕ : ਮੁਹੰਮਦ ਸ਼ੰਮੀ ਆਗਾਮੀ ਭਾਰਤ-ਆਸਟਰੇਲੀਆ ਟੀ-20 ਸੀਰੀਜ਼ 'ਚੋਂ ਬਾਹਰ ਹੋ ਗਏ ਹਨ। ਤਜਰਬੇਕਾਰ ਤੇਜ਼ ਗੇਂਦਬਾਜ਼ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹੈ। ਇਸੇ ਕਾਰਨ ਉਹ ਮੋਹਾਲੀ ਨਹੀਂ ਆ ਸਕਿਆ, ਜਿੱਥੇ ਭਾਰਤੀ ਟੀਮ ਨੇ 20 ਸਤੰਬਰ ਨੂੰ ਆਸਟ੍ਰੇਲੀਆਈ ਟੀਮ ਵਿਰੁੱਧ ਮੈਚ ਖੇਡਣਾ ਸੀ। ਸ਼ਨੀਵਾਰ (17 ਸਤੰਬਰ) ਨੂੰ ਟੀਮ ਦੇ ਮੋਹਾਲੀ ਪਹੁੰਚਣ ’ਤੇ ਇਸ ਦੀ ਜਾਣਕਾਰੀ ਬੀ.ਸੀ.ਸੀ.ਆਈ. ਤੇ ਟੀਮ ਪ੍ਰਬੰਧਨ ਦੇ ਸਬੰਧਿਤ ਅਧਿਕਾਰੀਆਂ ਤੱਕ ਪਹੁੰਚ ਗਈ। ਆਸਟ੍ਰੇਲੀਆਈ ਟੀਮ ਵੀ ਪੰਜਾਬ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਸੀਰੀਜ਼ ਦਾ ਦੂਜਾ ਮੁਕਾਬਲਾ 23 ਸਤੰਬਰ ਨੂੰ ਨਾਗਪੁਰ 'ਚ ਤੇ ਤੀਜਾ 25 ਸਤੰਬਰ ਨੂੰ ਹੈਦਰਾਬਾਦ 'ਚ ਹੋਵੇਗਾ।

ਇਹ ਵੀ ਪੜ੍ਹੋ : 8 ਚੀਤੇ ਤਾਂ ਆ ਗਏ ਪਰ 8 ਸਾਲਾਂ 'ਚ 16 ਕਰੋੜ ਰੁਜ਼ਗਾਰ ਕਿਉਂ ਨਹੀਂ ਆਏ? ਰਾਹੁਲ ਗਾਂਧੀ ਨੇ PM ਨੂੰ ਪੁੱਛਿਆ ਸਵਾਲ

ਸ਼ੰਮੀ ਦੱਖਣੀ ਅਫਰੀਕਾ ਖਿਲਾਫ਼ 3 ਮੈਚਾਂ ਦੀ ਟੀ-20 ਸੀਰੀਜ਼ 'ਚ ਹਿੱਸਾ ਲਵੇਗਾ ਜਾਂ ਨਹੀਂ, ਇਹ ਵੀ ਕੋਵਿਡ ਇਨਫੈਕਸ਼ਨ ਤੋਂ ਠੀਕ ਹੋਣ 'ਤੇ ਨਿਰਭਰ ਕਰਦਾ ਹੈ। ਦੱਖਣੀ ਅਫਰੀਕਾ ਦੇ ਖਿਲਾਫ਼ ਤਿੰਨ ਟੀ-20 ਮੈਚ ਕ੍ਰਮਵਾਰ ਤਿਰੂਵਨੰਤਪੁਰਮ, ਗੁਹਾਟੀ ਅਤੇ ਇੰਦੌਰ ਵਿੱਚ 28 ਸਤੰਬਰ, 2 ਅਕਤੂਬਰ ਤੇ 4 ਅਕਤੂਬਰ ਨੂੰ ਹੋਣੇ ਹਨ।

ਬੀਸੀਸੀਆਈ ਵੱਲੋਂ ਟੀ-20 ਵਿਸ਼ਵ ਕੱਪ ਲਈ ਐਲਾਨੀ ਗਈ ਟੀਮ 'ਚ ਸ਼ੰਮੀ ਨੂੰ ਰਿਜ਼ਰਵ ਵਿੱਚ ਰੱਖਿਆ ਗਿਆ ਸੀ। ਕ੍ਰਿਕਟ ਪ੍ਰਸ਼ੰਸਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ। ਵਧਦੇ ਵਿਰੋਧ ਤੋਂ ਬਾਅਦ ਬੀਸੀਸੀਆਈ ਦੇ ਇਕ ਸੂਤਰ ਨੇ ਕਿਹਾ ਕਿ ਬੋਰਡ ਅਜੇ ਵੀ ਸ਼ੰਮੀ ਨੂੰ ਦੇਖ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਸਾਰੀਆਂ ਟੀਮਾਂ ਨੇ ਵਿਸ਼ਵ ਕੱਪ ਦੇ ਲਈ 10 ਅਕਤੂਬਰ ਤੱਕ ਫਾਈਨਲ ਲਿਸਟ ਭੇਜਣੀ ਹੈ। ਜੇਕਰ ਇਸ ਵਿੱਚ ਬਦਲਾਅ ਦੀ ਗੁੰਜਾਇਸ਼ ਹੋਈ ਤਾਂ ਕੀਤੀ ਜਾਵੇਗੀ ਪਰ ਇਸ ਤੋਂ ਪਹਿਲਾਂ ਹੀ ਸ਼ੰਮੀ ਦੇ ਕੋਵਿਡ-19 ਪਾਜ਼ੇਟਿਵ ਦੀ ਖ਼ਬਰ ਸਾਹਮਣੇ ਆ ਗਈ।

ਇਹ ਵੀ ਪੜ੍ਹੋ : ਬੱਚੀ ਵੱਲੋਂ ਬਕਾਇਆ ਮੰਗਣ 'ਤੇ ਸਮੋਸੇ ਵੇਚਣ ਵਾਲੇ ਨੇ ਚੁੱਕਿਆ ਖੌਫ਼ਨਾਕ ਕਦਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News