''ਵਰਲਡ ਕੱਪ 2019 ''ਚ ਭਾਰਤ ਦੇ ਮੁੱਖ ਗੇਂਦਬਾਜ਼ ਹੋਣਗੇ ਮੁਹੰਮਦ ਸ਼ਮੀ''
Thursday, Feb 07, 2019 - 11:57 AM (IST)
ਨਵੀਂ ਦਿੱਲੀ— ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਕਰਮਨ ਘਾਵਰੀ ਦਾ ਮੰਨਣਾ ਹੈ ਕਿ ਬਿਹਤਰੀਨ ਫਾਰਮ 'ਚ ਚਲ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਇੰਗਲੈਂਡ ਦੀ ਮੇਜ਼ਬਾਨੀ 'ਚ ਹੋਣ ਵਾਲੇ ਆਗਾਮੀ ਵਨ ਡੇ ਵਿਸ਼ਵ ਕੱਪ 'ਚ ਦੇਸ਼ ਲਈ ਅਹਿਮ ਗੇਂਦਬਾਜ਼ ਹੋਣਗੇ। ਬੰਗਾਲ ਦੇ ਇਸ ਤੇਜ਼ ਗੇਂਦਬਾਜ਼ ਦੀ ਸ਼ਲਾਘਾ ਕਰਦੇ ਹੋਏ ਘਾਵਰੀ ਨੇ ਕਿਹਾ ਕਿ ਸ਼ਮੀ ਕੋਲ ਵਿਰੋਧੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਨ ਲਈ ਕਈ ਤਰ੍ਹਾਂ ਦੀਆਂ ਗੇਂਦਾਂ ਹਨ। ਘਾਵਰੀ ਨੇ ਕਿਹਾ, ''ਗੇਂਦਬਾਜ਼ ਦੇ ਤੌਰ 'ਤੇ ਸ਼ਮੀ 'ਚ ਸੁਧਾਰ ਹੋਇਆ ਹੈ ਅਤੇ ਹੁਣ ਉਸ ਦਾ ਧਿਆਨ ਕ੍ਰਿਕਟ 'ਤੇ ਜ਼ਿਆਦਾ ਹੈ। ਪਿਛਲੇ ਦੋ ਸਾਲ 'ਚ ਉਸ ਨਾਲ ਜੋ ਵੀ ਹੋਇਆ ਉਸ ਤੋਂ ਬਾਅਦ ਉਸ ਨੇ ਕਾਫੀ ਮਜ਼ਬੂਤ ਵਾਪਸੀ ਕੀਤੀ ਹੈ। ਉਹ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰ ਰਿਹਾ ਹੈ।''

ਇਹ ਪੁੱਛੇ ਜਾਣ 'ਤੇ ਕੀ ਸ਼ਮੀ ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾਉਣ ਦੇ ਮਜ਼ਬੂਤ ਦਾਅਵੇਦਾਰ ਹਨ, ਘਾਵਰੀ ਨੇ ਕਿਹਾ, ''ਸੌ ਫੀਸਦੀ।'' ਨਿਊਜ਼ੀਲੈਂਡ ਖਿਲਾਫ ਪਿਛਲੇ ਮਹੀਨੇ ਵਨ ਡੇ ਸੀਰੀਜ਼ ਦੇ ਪਹਿਲੇ ਮੈਚ ਦੇ ਦੌਰਾਨ ਸ਼ਮੀ ਸਭ ਤੋਂ ਤੇਜ਼ 100 ਵਿਕਟ ਲੈਣ ਵਾਲੇ ਭਾਰਤੀ ਗੇਂਦਬਾਜ਼ ਬਣੇ ਸਨ। ਘਾਵਰੀ ਨੇ ਬੰਗਾਲ ਦੇ ਤੇਜ਼ ਗੇਂਦਬਾਜ਼ ਸ਼ਮੀ ਨੂੰ ਲਾਈਨ ਅਤੇ ਲੈਂਥ ਬਰਕਰਾਰ ਰਖਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਇਹ ਟੀਮ ਲਈ ਚੰਗਾ ਹੋਵੇਗਾ। ਉਨ੍ਹਾਂ ਕਿਹਾ, ''ਉਸ ਕੋਲ ਵਿਭਿੰਨਤਾ ਹੈ ਅਤੇ ਉਹ ਇਨ ਸਵਿੰਗ ਅਤੇ ਆਊਟ ਸਵਿੰਗ ਗੇਂਦਬਾਜ਼ੀ ਕਰ ਸਕਦੇ ਹਨ। ਸਟੀਕਤਾ ਵੀ ਹੈ। ਜੇਕਰ ਉਹ ਚੰਗੀ ਯਾਰਕਰ ਤਿਆਰ ਕਰ ਲੈਣ ਤਾਂ ਇਹ ਸੋਨੇ 'ਤੇ ਸੁਹਾਗਾ ਹੋਵੇਗਾ। ਉਸ ਦੀ ਲਾਈਨ ਅਤੇ ਲੈਂਥ ਚੰਗੀ ਹੈ ਅਤੇ ਉਹ ਚੰਗੀ ਰਫਤਾਰ ਨਾਲ ਗੇਂਦਬਾਜ਼ੀ ਕਰ ਸਕਦੇ ਹਨ।
