ਹਵਾਬਾਜ਼ੀ ਮੰਤਰਾਲਾ ਨੇ BCCI ਨੂੰ ਦਿੱਤੀ ਡਰੋਨ ਦੇ ਇਸਤੇਮਾਲ ਦੀ ਮਨਜੂਰੀ
Tuesday, Feb 09, 2021 - 11:16 AM (IST)
ਨਵੀਂ ਦਿੱਲੀ : ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੂੰ ਦੇਸ਼ ਵਿਚ ਇਸ ਸਾਲ ਹੋਣ ਵਾਲੇ ਕ੍ਰਿਕਟ ਮੈਚਾਂ ਦੀ ਲਾਈਵ ਏਰੀਅਲ ਸਿਨੇਮੇਟੋਗ੍ਰਾਫੀ ਲਈ ਡਰੋਨ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਸੰਯੁਕਤ ਸਕੱਤਰ ਅੰਬਰ ਦੁਬੇ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਵਿਚ ਡਰੋਨ ਈਕੋਸਿਸਟਮ ਤੇਜ਼ੀ ਨਾਲ ਉਭਰ ਰਿਹਾ ਹੈ। ਖੇਤੀ, ਸਿਹਤ ਦੇਖਭਾਲ ਅਤੇ ਆਫ਼ਤ ਪ੍ਰਬੰਧਨ ਤੋਂ ਲੈ ਕੇ ਖੇਡ ਅਤੇ ਮਨੋਰੰਜਨ ਖੇਤਰ ਵਿਚ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਬੀ.ਸੀ.ਸੀ.ਆਈ. ਨੂੰ ਕ੍ਰਿਕਟ ਮੈਚਾਂ ਵਿਚ ਲਾਈਵ ਏਰੀਅਲ ਸਿਨੇਮੇਟੋਗ੍ਰਾਫੀ ਲਈ ਡਰੋਨ ਦੇ ਇਸਤੇਮਾਲ ਦੀ ਮਨਜੂਰੀ ਦੇਣਾ ਦੇਸ਼ ਵਿਚ ਡਰੋਨ ਦੇ ਵਪਾਰਕ ਉਪਯੋਗ ਨੂੰ ਬੜਾਵਾ ਦੇਣ ਦੇ ਕੇਂਦਰ ਸਰਕਾਰ ਦੇ ਉਦੇਸ਼ਾਂ ਦੇ ਅਨੁਰੂਪ ਹੈ।
ਉਨ੍ਹਾਂ ਕਿਹਾ ਕਿ ਬੀ.ਸੀ.ਸੀ.ਆਈ. ਨੂੰ ਕ੍ਰਿਕਟ ਮੈਚਾਂ ਵਿਚ ਡਰੋਨ ਦੀ ਵਰਤੋਂ ਸ਼ੁਰੂ ਕਰਨ ਤੋਂ ਪਹਿਲਾਂ ਸਥਾਨਕ ਪ੍ਰਸ਼ਾਸਨ, ਰੱਖਿਆ ਮੰਤਰਾਲਾ, ਗ੍ਰਹਿ ਮੰਤਰਾਲਾ ਅਤੇ ਏਅਰਪੋਰਟ ਅਥਾਰਿਟੀ ਆਫ ਇੰਡੀਆ ਵਰਗੇ ਸੰਸਥਾਨਾਂ ਤੋਂ ਮਨਜੂਰੀ ਲੈਣੀ ਹੋਵੇਗੀ। ਦੁਬੇ ਨੇ ਕਿਹਾ ਕਿ ਡਰੋਨ ਨਿਯਮ 2021 ਨੂੰ ਲੈ ਕੇ ਕਾਨੂੰਨ ਮੰਤਰਾਲਾ ਨਾਲ ਆਖ਼ਰੀ ਪੜਾਅ ਦੀ ਚਰਚਾ ਜਾਰੀ ਹੈ। ਇਸ ਨੂੰ ਮਾਰਚ 2021 ਤੱਕ ਮਨਜੂਰੀ ਮਿਲਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਬੀ.ਸੀ.ਸੀ.ਆਈ. ਅਤੇ ਮੈਸਰਸ ਕਿਊਡਿਚ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੂੰ ਕ੍ਰਿਕਟ ਮੈਚ ਦੌਰਾਨ ਉਸ ਨੂੰ ਰੇਮੋਟਲੀ ਪਾਈਲੇਟਡ ਏਅਰ¬ਕ੍ਰਾਫਟ ਸਿਸਟਮ (ਆਰ.ਪੀ.ਐਸ.ਐਸ.) ਦੀ ਵਰਤੋਂ ਕਰਨ ਦੀ ਮਨਜੂਰੀ ਦਿੱਤੇ ਜਾਣ ਦੀ ਬੇਨਤੀ ਕੀਤੀ ਸੀ।