ਮਿਆਮੀ ਓਪਨ : ਸਿਲਿਚ, ਪੋਤ੍ਰੋ ਚੌਥੇ ਦੌਰ 'ਚ, ਦਿਮਿਤ੍ਰੋਵ ਬਾਹਰ

Tuesday, Mar 27, 2018 - 10:30 AM (IST)

ਮਿਆਮੀ ਓਪਨ : ਸਿਲਿਚ, ਪੋਤ੍ਰੋ ਚੌਥੇ ਦੌਰ 'ਚ, ਦਿਮਿਤ੍ਰੋਵ ਬਾਹਰ

ਮਿਆਮੀ (ਬਿਊਰੋ)— ਦੂਜਾ ਦਰਜਾ ਪ੍ਰਾਪਤ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਤੇ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤ੍ਰੋ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਦੌਰ 'ਚ ਜਗ੍ਹਾ ਬਣਾ ਲਈ ਹੈ ਪਰ ਗ੍ਰੇਗੋਰ ਦਿਮ੍ਰਿਤੋਵ ਨੂੰ ਹਾਰ ਦੇ ਨਾਲ ਬਾਹਰ ਹੋਣਾ ਪਿਆ ਹੈ।

ਸਿਲਿਚ ਨੂੰ ਪੁਰਸ਼ ਸਿੰਗਲਜ਼ ਦੇ ਤੀਜੇ ਦੌਰ 'ਚ ਕੈਨੇਡਾ ਦੇ ਵਾਸੇਕ ਪੋਸਪਿਸਿਲ ਨੇ ਸਖਤ ਚੁਣੌਤੀ ਦਿੱਤੀ ਪਰ ਉਹ 7-5, 7-6 ਨਾਲ ਮੈਚ ਜਿੱਤਣ 'ਚ ਕਾਮਯਾਬ ਰਿਹਾ ਪਰ ਟੂਰਨਾਮੈਂਟ 'ਚੋਂ ਵਿਸ਼ਵ ਦੇ ਨੰਬਰ ਇਕ ਖਿਡਾਰੀ ਰੋਜਰ ਫੈਡਰਰ ਦੇ ਬਾਹਰ ਹੋਣ ਤੋਂ ਬਾਅਦ ਹੋਰਨਾਂ ਚੋਟੀ ਦਰਜਾ ਪ੍ਰਾਪਤ ਖਿਡਾਰੀਆਂ ਵਿਚ ਤੀਜੀ ਸੀਡ ਬੁਲਗਾਰੀਆ ਦਾ ਦਿਮ੍ਰਿਤੋਵ ਵੀ ਹਾਰ ਕੇ ਬਾਹਰ  ਹੋ ਗਿਆ। ਉਸ ਨੂੰ ਫਰਾਂਸ ਦੇ ਜੇਰਮੀ ਚਾਰਡੀ ਨੇ ਲਗਾਤਾਰ ਸੈੱਟਾਂ 'ਚ 6-4, 6-4 ਨਾਲ ਹਰਾਇਆ।
ਇੰਡੀਅਨ ਵੇਲਸ ਦੇ ਚੈਂਪੀਅਨ ਤੇ ਪੰਜਵਾਂ ਦਰਜਾ ਪ੍ਰਾਪਤ ਪੋਤ੍ਰੋ ਹਾਲਾਂਕਿ ਖ਼ੁਸ਼ਕਿਮਤ ਰਿਹਾ, ਜਿਸ ਨੇ ਜਾਪਾਨ ਦੇ ਕੇਈ ਨਿਸ਼ੀਕੋਰੀ ਵਿਰੁੱਧ 6-2, 6-2 ਨਾਲ ਜਿੱਤ ਦੇ ਨਾਲ ਆਪਣਾ ਲਗਾਤਾਰ 13ਵਾਂ ਮੈਚ ਜਿੱਤਣ ਦਾ ਕ੍ਰਮ ਵੀ ਜਾਰੀ ਰੱਖਿਆ ਤੇ ਚੌਥੇ ਦੌਰ ਦੀ ਟਿਕਟ ਵੀ ਕਟਾ ਲਈ। 

ਅਰਜਨਟੀਨਾ ਦੇ ਪੋਤ੍ਰੋੋ ਸਾਹਮਣੇ ਹੁਣ ਚੌਥੇ ਦੌਰ 'ਚ ਫਿਲਿਪ ਕ੍ਰਾਜਿਨੋਵਿਚ ਦੀ ਚੁਣੌਤੀ ਰਹੇਗੀ, ਜਿਸ ਨੇ ਫਰਾਂਸ ਦੇ ਬੇਨਾਏਟ ਪੇਯਰ ਨੂੰ 6-3, 6-3 ਨਾਲ ਹਰਾਇਆ। ਇਸ ਵਿਚਾਲੇ 19ਵਾਂ ਦਰਜਾ ਪ੍ਰਾਪਤ ਦੱਖਣੀ ਕੋਰੀਆ ਦੇ ਚੁੰਗ ਹਿਯੋਨ ਨੇ ਸਿਰਫ 62 ਮਿੰਟ 'ਚ ਅਮਰੀਕੀ ਕੁਆਲੀਫਾਇਰ ਮਾਈਕਲ ਮੋਹ ਵਿਰੁੱਧ ਇਕਤਰਫਾ ਅੰਦਾਜ਼ 'ਚ 6-1, 6-1 ਨਾਲ ਮੈਚ ਜਿੱਤ ਲਿਆ। ਇਕ ਹੋਰ ਮੈਚ ਵਿਚ ਕੈਨੇਡਾ ਦੇ ਮਿਲੋਸ ਰਾਓਨਿਕ ਨੇ 10 ਐਸ ਲਾਉਂਦਿਆਂ ਅਰਜਨਟੀਨਾ ਦੇ ਡਿਆਗੋ ਸ਼ਵਾਟਰਜਮੈਨ ਵਿਰੁੱਧ 7-6, 6-3 ਨਾਲ ਆਪਣਾ ਮੈਚ ਜਿੱਤ ਲਿਆ।


Related News