ਐੱਮ. ਆਈ. ਨਿਊਯਾਰਕ ਨੇ ਜਿੱਤਿਆ ਮੇਜਰ ਲੀਗ ਕ੍ਰਿਕਟ ਦਾ ਖਿਤਾਬ
Monday, Jul 14, 2025 - 08:55 PM (IST)

ਵਾਸ਼ਿੰਗਟਨ– ਐੱਮ. ਆਈ. ਨਿਊਯਾਰਕ ਨੇ ਵਾਸ਼ਿੰਗਟਨ ਫ੍ਰੀਡਮ ਨੂੰ ਰੋਮਾਂਚਕ ਮੁਕਾਬਲੇ ਵਿਚ 5 ਦੌੜਾਂ ਨਾਲ ਹਰਾ ਕੇ ਮੇਜਰ ਲੀਗ ਕ੍ਰਿਕਟ 2025 ਦਾ ਖਿਤਾਬ ਜਿੱਤ ਲਿਆ। ਅਮਰੀਕਾ ਦੇ ਡਲਾਸ ਵਿਚ ਗ੍ਰੈਂਡ ਪ੍ਰੇਯਰੀ ਸਟੇਡੀਅਮ ਵਿਚ ਸੋਮਵਾਰ ਨੂੰ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਨਿਊਯਾਰਕ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 7 ਵਿਕਟਾਂ ’ਤੇ 180 ਦੌੜਾਂ ਬਣਾਈਆਂ। ਕਵਿੰਟਨ ਡੀ ਕੌਕ ਨੇ ਸਭ ਤੋਂ ਵੱਧ 77 ਦੌੜਾਂ ਦੀ ਪਾਰੀ ਖੇਡੀ। ਮੋਨਾਂਕ ਪਟੇਲ ਨੇ ਵੀ ਤੇਜ਼ 28 ਦੌੜਾਂ ਜੋੜੀਆਂ। ਕੁੰਵਰਜੀਤ ਸਿੰਘ ਦੀ 13 ਗੇਂਦਾਂ ਵਿਚ ਅਜੇਤੂ 22 ਦੌੜਾਂ ਦੀ ਤੇਜ਼ਤਰਾਰ ਪਾਰੀ ਨਿਊਯਾਰਕ ਦੇ ਸਕੋਰ ਨੂੰ 180 ਤੱਕ ਪਹੁੰਚਾਉਣ ਵਿਚ ਅਹਿਮ ਸਾਬਤ ਹੋਈ।
ਵਾਸ਼ਿੰਗਟਨ ਫ੍ਰੀਡਮ ਕੋਲ ਖਿਤਾਬ ਬਚਾਉਣ ਦਾ ਚੰਗਾ ਮੌਕਾ ਸੀ ਕਿਉਂਕਿ ਗਲੇਨ ਮੈਕਸਵੈੱਲ ਤੇ ਗਲੇਨ ਫਿਲਿਪਸ ਆਖਰੀ ਓਵਰ ਵਿਚ ਕ੍ਰੀਜ਼ ’ਤੇ ਸੀ ਪਰ 22 ਸਾਲ ਦੇ ਅਮਰੀਕੀ ਗੇਂਦਬਾਜ਼ ਰਸ਼ੀਲ ਓਗਾਰਕਰ ਨੇ ਦਬਾਅ ਵਿਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਆਖਰੀ ਓਵਰ ਵਿਚ 12 ਦੌੜਾਂ ਬਚਾਉਂਦੇ ਹੋਏ ਐੱਮ. ਆਈ. ਨਿਊਯਾਰਕ ਨੂੰ ਦੂਜੀ ਵਾਰ ਚੈਂਪੀਅਨ ਬਣਾ ਦਿੱਤਾ।
ਵਾਸ਼ਿੰਗਟਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪਹਿਲੇ ਹੀ ਓਵਰ ਵਿਚ ਜ਼ੀਰੋ ਸਕੋਰ ’ਤੇ ਟ੍ਰੇਂਟ ਬੋਲਟ ਨੇ ਮਿਸ਼ੇਲ ਓਵੇਨ ਤੇ ਐਂਡ੍ਰੀਸ ਗਾਓਸ ਨੂੰ ਆਊਟ ਕਰ ਦਿੱਤਾ। ਇਸ ਤੋਂ ਬਾਅਦ ਰਚਿਨ ਰਵਿੰਦਰ ਨੇ 41 ਗੇਂਦਾਂ ਵਿਚ 70 ਦੌੜਾਂ ਦੀ ਤਾਬੜਤੋੜ ਪਾਰੀ ਖੇਡੀ। ਜੈਕ ਅੈਡਵਰਡਸ ਨੇ ਵੀ 22 ਗੇਂਦਾਂ ਵਿਚ 33 ਦੌੜਾਂ ਬਣਾਈਆਂ। ਦੋਵੇਂ ਬੱਲੇਬਾਜ਼ਾਂ ਵਿਚਾਲੇ 84 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ ਨਾਲ ਵਾਸ਼ਿੰਗਟਨ ਦੀਆਂ ਉਮੀਦਾਂ ਜਿਊਂਦੀਆਂ ਰਹੀਆਂ ਪਰ ਉਗਾਰਕਰ ਤੇ ਨੋਸਥੁਸ਼ ਕੇਨਜਿਗੇ ਨੇ ਅਹਿਮ ਵਿਕਟ ਲੈ ਕੇ ਮੈਚ ਦਾ ਪਾਸਾ ਪਲਟ ਦਿੱਤਾ। ਵਾਸ਼ਿੰਗਟਨ ਫ੍ਰੀਡਮ ਲਈ ਲਾਕੀ ਫਰਗਿਊਸਨ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਉਸ ਨੇ 21 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਮੇਜਰ ਲੀਗ ਕ੍ਰਿਕਟ ਅਮਰੀਕਾ ਦਾ ਟਾਪ ਟੀ-20 ਟੂਰਨਾਮੈਂਟ ਹੈ। ਇਸ ਵਿਚ 6 ਟੀਮਾਂ ਵਿਚਾਲੇ ਮੁਕਾਬਲਾ ਹੋਇਆ। ਇਸ ਨੂੰ 2024 ਵਿਚ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਲਿਸਟ-ਏ ਦਾ ਦਰਜਾ ਦਿੱਤਾ।