ਅਸ਼ਵਿਨ ਨੇ ਇੰਗਲੈਂਡ ਦੇ ‘ਦੋਹਰੇ ਮਾਪਦੰਡ’ ਦੀ ਕੀਤੀ ਆਲੋਚਨਾ

Tuesday, Jul 29, 2025 - 01:57 PM (IST)

ਅਸ਼ਵਿਨ ਨੇ ਇੰਗਲੈਂਡ ਦੇ ‘ਦੋਹਰੇ ਮਾਪਦੰਡ’ ਦੀ ਕੀਤੀ ਆਲੋਚਨਾ

ਨਵੀਂ ਦਿੱਲੀ– ਸਾਬਕਾ ਭਾਰਤੀ ਸਪਿੰਨਰ ਆਰ. ਅਸ਼ਵਿਨ ਨੇ ਚੌਥੇ ਟੈਸਟ ਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਖਤਮ ਕਰਨ ਦੀ ਇੰਗਲੈਂਡ ਦੀ ਕੋਸ਼ਿਸ਼ ਲਈ ਉਸਦੇ ‘ਦੋਹਰੇ ਮਾਪਦੰਡ’ ਦੀ ਆਲੋਚਨਾ ਕੀਤੀ ਜਦਕਿ ਕ੍ਰਿਕਟ ਜਗਤ ਨੇ ਘਰੇਲੂ ਟੀਮ ਦੇ ਡਰਾਅ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਦੀ ਬਜਾਏ ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਨੂੰ ਉਨ੍ਹਾਂ ਦੇ ਸੈਂਕੜੇ ਪੂਰੇ ਕਰਨ ਦੇ ਭਾਰਤ ਦੇ ਫੈਸਲੇ ਦਾ ਵੱਡੇ ਪੱਧਰ ’ਤੇ ਸਮਰਥਨ ਕੀਤਾ।

ਐਤਵਾਰ ਨੂੰ ਮੈਚ ਦੇ ਆਖਰੀ ਘੰਟੇ ਦੀ ਸ਼ੁਰੂਆਤ ਦੌਰਾਨ ਉਸ ਸਮੇਂ ਅਜੀਬ ਸਥਿਤੀ ਪੈਦਾ ਹੋ ਗਈ ਜਦੋਂ ਮੇਜ਼ਬਾਨ ਟੀਮ ਦੇ ਕਪਤਾਨ ਬੇਨ ਸਟੋਕਸ ਨੇ ਭਾਰਤੀ ਬੱਲੇਬਾਜ਼ਾਂ ਨੂੰ ਡਰਾਅ ਦੀ ਪੇਸ਼ਕਸ਼ ਕੀਤੀ ਕਿਉਂਕਿ ਕਿਸੇ ਟੀਮ ਦੀ ਜਿੱਤ ਸੰਭਵ ਨਹੀਂ ਦਿਸ ਰਹੀ ਸੀ। ਜਡੇਜਾ ਤੇ ਵਾਸ਼ਿੰਗਟਨ ਉਸ ਸਮੇਂ ਕ੍ਰਮਵਾਰ 89 ਤੇ 80 ਦੌੜਾਂ ਬਣਾ ਕੇ ਖੇਡ ਰਹੇ ਸਨ ਤੇ ਉਨ੍ਹਾਂ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ, ਜਿਸ ਤੋਂ ਇੰਗਲੈਂਡ ਦਾ ਕਪਤਾਨ ਨਿਰਾਸ਼ ਹੋ ਗਿਆ। ਸਟੋਕਸ ਨੇ ਬਾਅਦ ਵਿਚ ਕਿਹਾ ਕਿ ਉਸ ਨੇ ਇਸ ਪ੍ਰਸਤਾਵ ਇਸ ਲਈ ਦਿੱਤਾ ਸੀ, ਕਿਉਂਕਿ ਉਹ ਆਪਣੇ ਥੱਕੇ ਹੋਏ ਮੁੱਖ ਗੇਂਦਬਾਜ਼ਾਂ ਦੇ ਜ਼ਖ਼ਮੀ ਹੋਣ ਦਾ ਜੋਖਮ ਨਹੀਂ ਚੁੱਕਣਾ ਚਾਹੁੰਦਾ ਸੀ।

ਅਸ਼ਵਿਨ ਨੇ ਕਿਹਾ, ‘‘ਕੀ ਤੁਸੀਂ ਦੋਹਰਾ ਮਾਪਦੰਡ ਸ਼ਬਦ ਸੁਣਿਆ ਹੈ? ਉਨ੍ਹਾਂ ਨੇ ਪੂਰਾ ਦਿਨ ਗੇਂਦਬਾਜ਼ਾਂ ਨੂੰ ਖੇਡਿਆ, ਉਨ੍ਹਾਂ ਦਾ ਸਾਹਮਣਾ ਕੀਤਾ ਤੇ ਅਚਾਨਕ ਜਦੋਂ ਉਹ ਸੈਂਕੜੇ ਦੇ ਨੇੜੇ ਪਹੁੰਚਦੇ ਹਨ ਤਾਂ ਤੁਸੀਂ ਬਾਹਰ ਚਲੇ ਜਾਣਾ ਚਾਹੁੰਦੇ ਹੋ? ਉਨ੍ਹਾਂ ਨੂੰ ਅਜਿਹਾ ਕਿਉਂ ਕਰਨਾ ਚਾਹੀਦਾ ਸੀ?’’

ਇਸ ਸਾਬਕਾ ਆਫ ਸਪਿੰਨਰ ਨੇ ਕਿਹਾ ਕਿ ਉਨ੍ਹਾਂ ਨੇ ਤੁਹਾਡੇ ਸਾਰੇ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ ਤੇ ਮੈਚ ਡਰਾਅ ’ਤੇ ਪਹੁੰਚਾ ਦਿੱਤਾ। ਉਨ੍ਹਾਂ ਨੇ ਸਖਤ ਮਿਹਨਤ ਕੀਤੀ ਤੇ ਤੁਸੀਂ ਚਾਹੁੰਦੇ ਸੀ ਕਿ ਉਹ ਆਪਣਾ ਸੈਂਕੜਾ ਪੂਰਾ ਨਾ ਕਰਨ।’’


author

Tarsem Singh

Content Editor

Related News