ਮੇਸੀ ਨੇ ਕੋਪਾ ਅਮਰੀਕਾ ਜਿੱਤ ਨੂੰ ਅਰਜਨਟੀਨਾ ਦੇ ਨਾਗਰਿਕਾਂ ਤੇ ਮਾਰਾਡੋਨਾ ਨੂੰ ਕੀਤਾ ਸਮਰਪਿਤ
Tuesday, Jul 13, 2021 - 03:22 AM (IST)
ਰਿਓ ਡੀ ਜਨੇਰੀਓ- ਅਰਜਨਟੀਨਾ ਦੀ ਫੁੱਟਬਾਲ ਟੀਮ ਦੇ ਕਪਤਾਨ ਲਿਓਨਲ ਮੇਸੀ ਨੇ ਟੀਮ ਦੀ ਕੋਪਾ ਅਮਰੀਕਾ ਜਿੱਤ ਨੂੰ 4 ਕਰੋੜ 50 ਲੱਖ ਅਰਜਨਟੀਨਾ ਨਾਗਰਿਕਾਂ ਅਤੇ ਮਹਾਨ ਸਵ. ਫੁੱਟਬਾਲ ਖਿਡਾਰੀ ਡਿਏਗੋ ਮਾਰਾਡੋਨਾ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਨੇ ਨਾਲ ਹੀ ਉਮੀਦ ਜਤਾਈ ਹੈ ਕਿ ਇਹ ਭਾਵਨਾਤਮਕ ਜਿੱਤ ਉਨ੍ਹਾਂ ਦੇ ਹਮਵਤਨਾਂ ਨੂੰ ਕੋਰੋਨਾ ਵਾਇਰਸ ਤੋਂ ਠੀਕ ਹੋਣ ਦੀ ਉਨ੍ਹਾਂ ਦੀ ਲੜਾਈ ’ਚ ਤਾਕਤ ਪ੍ਰਦਾਨ ਕਰਨ ’ਚ ਮਦਦ ਕਰੇਗੀ।
ਜ਼ਿਕਰਯੋਗ ਹੈ ਕਿ ਮੇਸੀ ਨੇ ਆਪਣੇ ਕੈਰੀਅਰ ਦਾ ਪਹਿਲਾ ਅੰਤਰਰਾਸ਼ਟਰੀ ਖਿਤਾਬ ਉਦੋਂ ਜਿੱਤਿਆ, ਜਦੋਂ ਉਨ੍ਹਾਂ ਦੀ ਟੀਮ ਨੇ ਰਿਓ ਡੀ ਜਨੇਰੀਓ ਦੇ ਮਾਰਾਕਾਨਾ ਸਟੇਡੀਅਮ ’ਚ ਕੋਪਾ ਅਮਰੀਕਾ ਦੇ ਫਾਈਨਲ ’ਚ ਬ੍ਰਾਜ਼ੀਲ ਨੂੰ 1-0 ਨਾਲ ਹਰਾਇਆ, ਜਿਸ ਨਾਲ ਅਰਜਨਟੀਨਾ ਲਈ ਇਕ ਵੱਡੀ ਟਰਾਫੀ ਲਈ 28 ਸਾਲ ਦਾ ਇੰਤਜ਼ਾਰ ਖਤਮ ਹੋ ਗਿਆ।
ਇਹ ਖ਼ਬਰ ਪੜ੍ਹੋ- ਯੂਰੋ 2020 ਦੇ ‘ਗੋਲਡਨ ਬੂਟ’ ਬਣੇ ਰੋਨਾਲਡੋ
ਮੇਸੀ ਨੇ ਕਿਹਾ,‘‘ਇਹ ਇਕ ਹੈਰਾਨੀਜਨਕ ਟੂਰਨਾਮੈਂਟ ਸੀ। ਅਸੀਂ ਜਾਣਦੇ ਹਾਂ ਕਿ ਅਸੀਂ ਅਜੇ ਵੀ ਬਹੁਤ ਸਾਰੀਆਂ ਚੀਜ਼ਾਂ ’ਚ ਸੁਧਾਰ ਕਰ ਸਕਦੇ ਹਾਂ ਪਰ ਸੱਚਾਈ ਇਹ ਹੈ ਕਿ ਖਿਡਾਰੀਆਂ ਨੇ ਇਸ ’ਚ ਆਪਣਾ ਸਭ ਕੁੱਝ ਦਿੱਤਾ। ਮੇਰੇ ਲਈ ਇਸ ਸ਼ਾਨਦਾਰ ਸਮੂਹ ਦਾ ਕਪਤਾਨ ਹੋਣ ਦਾ ਸੁਭਾਗ ਮਿਲਣ ਤੋਂ ਜ਼ਿਆਦਾ ਮਾਣ ਦੀ ਗੱਲ ਕੀ ਹੋ ਸਕਦੀ ਹੈ। ਮੈਂ ਇਸ ਸਫਲਤਾ ਨੂੰ ਆਪਣੇ ਪਰਿਵਾਰ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਮੈਨੂੰ ਹਮੇਸ਼ਾ ਅੱਗੇ ਵਧਣ ਦੀ ਤਾਕਤ ਦਿੱਤੀ। ਆਪਣੇ ਦੋਸਤਾਂ ਨੂੰ, ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦਾ ਹਾਂ, ਉਨ੍ਹਾਂ ਸਾਰੇ ਲੋਕਾਂ ਨੂੰ, ਜੋ ਸਾਡੇ ’ਤੇ ਵਿਸ਼ਵਾਸ ਕਰਦੇ ਹਨ ਅਤੇ ਵਿਸ਼ੇਸ਼ ਤੌਰ ’ਤੇ ਉਨ੍ਹਾਂ 4 ਕਰੋੜ 50 ਲੱਖ ਅਰਜਨਟੀਨੀਆਈ ਨਾਗਰਿਕਾਂ ਨੂੰ, ਜਿਨ੍ਹਾਂ ਨੇ ਮੈਨੂੰ ਅੱਗੇ ਵਧਣ ਦੀ ਤਾਕਤ ਦਿੱਤੀ ਹੈ।’’
ਇਹ ਖ਼ਬਰ ਪੜ੍ਹੋ- ਸੋਫੀ ਤੇ ਡੇਵੋਨ ਕਾਨਵੇ ICC ਦੇ ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ ਬਣੇ
4 ਗੋਲ ਅਤੇ 5 ਵਾਰ ਅਸਿਸਟ (ਸਹਾਇਤਾ) ਕਰਨ ਲਈ ਪਲੇਅਰ ਆਫ ਦਿ ਟੂਰਨਾਮੈਂਟ ਨਾਲ ਸਨਮਾਨਿਤ ਮੈਸੀ ਨੇ ਅਰਜਨਟੀਨਾ ਫੁੱਟਬਾਲ ਦੇ ਦਿੱਗਜ ਡਿਏਗੋ ਮਾਰਾਡੋਨਾ ਦੀ ਯਾਦ ’ਚ ਜਿੱਤ ਨੂੰ ਸਮਰਪਿਤ ਕੀਤਾ, ਜਿਨ੍ਹਾਂ ਦਾ ਪਿਛਲੇ ਸਾਲ 60 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।