ਮਹਿਲਾ IPL ਦੇ ਮੀਡੀਆ ਅਧਿਕਾਰ 951 ਕਰੋੜ ਰੁਪਏ ’ਚ ਵਿਕੇ

Tuesday, Jan 17, 2023 - 01:00 PM (IST)

ਮਹਿਲਾ IPL ਦੇ ਮੀਡੀਆ ਅਧਿਕਾਰ 951 ਕਰੋੜ ਰੁਪਏ ’ਚ ਵਿਕੇ

ਨਵੀਂ ਦਿੱਲੀ (ਭਾਸ਼ਾ)– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਵਾਯਕਾਮ 18 ਨੇ ਡਿਜਨੀ ਸਟਾਰ ਤੇ ਸੋਨੀ ਨੂੰ ਪਛਾੜ ਕੇ ਆਗਾਮੀ ਮਹਿਲਾ ਆਈ. ਪੀ. ਐੱਲ. ਦੇ ਮੀਡੀਆ ਅਧਿਕਾਰ 5 ਸਾਲ ਲਈ 951 ਕਰੋੜ ਰੁਪਏ ਵਿਚ ਖ਼ਰੀਦੇ ਹਨ। ਟੀ-20 ਲੀਗ ਲਈ ਨਿਲਾਮੀ ਮੁੰਬਈ ਵਿਚ ਸੋਮਵਾਰ ਨੂੰ ਕ੍ਰਿਕਟ ਬੋਰਡ ਦੇ ਦਫ਼ਤਰ ’ਚ ਆਯੋਜਿਤ ਕੀਤੀ ਗਈ। ਪਹਿਲੇ ਮਹਿਲਾ ਆਈ. ਪੀ. ਐੱਲ. ਦੇ ਮਾਰਚ ਦੇ ਪਹਿਲੇ ਹਫ਼ਤੇ ਸ਼ੁਰੂ ਹੋਣ ਦੀ ਉਮੀਦ ਹੈ। ਇਸ ਵਿਚ 5 ਟੀਮਾਂ ਹਿੱਸਾ ਲੈਣਗੀਆਂ ਤੇ ਸਾਰੇ ਮੈਚ ਮੁੰਬਈ ਵਿਚ ਹੋਣਗੇ। ਵਿਸ਼ਵ ਪੱਧਰੀ ਅਧਿਕਾਰ 3 ਸ਼੍ਰੇਣੀਆਂ ਦੇ ਹਨ, ਜਿਨ੍ਹਾਂ ਵਿਚ ਟੀ. ਵੀ., ਡਿਜ਼ੀਟਲ ਤੇ ਸਾਂਝੇ ਅਧਿਕਾਰ ਸ਼ਾਮਲ ਹਨ।

ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਮੁਤਾਬਕ ਅਗਲੇ ਪੰਜ ਸਾਲਾਂ ਵਿੱਚ ਪ੍ਰਤੀ ਮੈਚ ਫੀਸ 7 ਕਰੋੜ 9 ਲੱਖ ਰੁਪਏ ਹੋਵੇਗੀ। ਸ਼ਾਹ ਨੇ ਕਿਹਾ ਕਿ ਖੇਡ ਨੂੰ ਦਰਸ਼ਕਾਂ ਤੱਕ ਲਿਜਾਣ ਵਿੱਚ ਪ੍ਰਸਾਰਕ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ ਅਤੇ ਲੀਗ ਵਿੱਚ ਉਨ੍ਹਾਂ ਦੀ ਸਰਗਰਮ ਦਿਲਚਸਪੀ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਮਹਿਲਾ ਇੰਡੀਅਨ ਪ੍ਰੀਮੀਅਰ ਲੀਗ ਸਹੀ ਦਿਸ਼ਾ ਵਿੱਚ ਜਾ ਰਹੀ ਹੈ। 7 ਕਰੋੜ 9 ਲੱਖ ਰੁਪਏ ਦਾ ਪ੍ਰਤੀ ਮੈਚ ਮੁਲਾਂਕਣ ਹੈ ਜੋ ਔਰਤਾਂ ਦੇ ਮੈਚਾਂ ਲਈ ਪਹਿਲਾਂ ਕਦੇ ਨਹੀਂ ਮਿਲਿਆ ਸੀ। ਉਨ੍ਹਾਂ ਕਿਹਾ ਕਿ ਮੈਂ 951 ਕਰੋੜ ਰੁਪਏ ਦੀ ਸੰਯੁਕਤ ਬੋਲੀ ਨਾਲ ਟੀਵੀ ਅਤੇ ਡਿਜੀਟਲ ਅਧਿਕਾਰਾਂ ਨੂੰ ਪ੍ਰਾਪਤ ਕਰਨ ਲਈ ਵਾਯਕਾਮ 18 ਨੂੰ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਦਾ ਸਵਾਗਤ ਕਰਦਾ ਹਾਂ। ਯਾਤਰਾ ਚੰਗੀ ਅਤੇ ਸਹੀ ਮਾਇਨੇ ਵਿਚ ਸ਼ੁਰੂ ਹੋਈ ਹੈ ਅਤੇ ਅਸੀਂ ਇਸ ਮਹੀਨੇ ਇੱਕ ਹੋਰ ਵੱਡਾ ਕਦਮ ਚੁੱਕਾਂਗੇ ਜਦੋਂ ਪੰਜ ਫ੍ਰੈਂਚਾਇਜ਼ੀ ਦਾ ਐਲਾਨ ਕੀਤਾ ਜਾਵੇਗਾ।
 


author

cherry

Content Editor

Related News