ਮਯੰਕ ਦਾ ਆਈ. ਪੀ. ਐੱਲ. ’ਚ ‘ਕਰੋੜਪਤੀ’ ਬਣਨਾ ਲੱਗਭਗ ਤੈਅ

Tuesday, Oct 08, 2024 - 11:13 AM (IST)

ਨਵੀਂ ਦਿੱਲੀ, (ਭਾਸ਼ਾ)– ਭਾਰਤ ਦੀ ਨੌਜਵਾਨ ਤੇਜ਼ ਗੇਂਦਬਾਜ਼ੀ ਸਨਸਨੀ ਮਯੰਕ ਯਾਦਵ ਐਤਵਾਰ ਨੂੰ ਬੰਗਲਾਦੇਸ਼ ਵਿਰੁੱਧ ਆਪਣਾ ਟੀ-20 ਕੌਮਾਂਤਰੀ ਡੈਬਿਊ ਕਰਨ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ‘ਮਿਲੀਅਨ ਡਾਲਰ ਕਲੱਬ’ ਵਿਚ ਸ਼ਾਮਲ ਹੋਣ ਲਈ ਤਿਆਰ ਹੈ ਕਿਉਂਕਿ ਉਸ ਨੂੰ ਰਿਟੇਨ (ਆਪਣੇ ਨਾਲ ਬਰਕਰਾਰ ਰੱਖਣਾ) ਕਰਨ ਲਈ ਲਖਨਊ ਸੁਪਰ ਜਾਇੰਟਸ ਨੂੰ ਘੱਟ ਤੋਂ ਘੱਟ 11 ਕਰੋੜ ਰੁਪਏ (1.31 ਮਿਲੀਅਨ ਡਾਲਰ) ਦੀ ਲੋੜ ਪਵੇਗੀ। ਇਸ ਤਰ੍ਹਾਂ ਸਨਰਾਈਜ਼ਰਜ਼ ਹੈਦਰਾਬਾਦ ਨੂੰ ਵੀ ਉਸੇ ਮੈਚ ਵਿਚ ਕੌਮਾਂਤਰੀ ਡੈਬਿਊ ਕਰਨ ਵਾਲੇ ਆਲਰਾਊਂਡਰ ਨਿਤਿਸ਼ ਕੁਮਾਰ ਰੈੱਡੀ ਦੀਆਂ ਸੇਵਾਵਾਂ ਨੂੰ ਰਿਟੇਨ ਕਰਨ ਲਈ ਘੱਟ ਤੋਂ ਘੱਟ 11 ਕਰੋੜ ਰੁਪਏ ਦਾ ਭੁਗਤਾਨ ਕਰਨਾ ਪਵੇਗਾ।

ਆਈ. ਪੀ. ਐੱਲ. ਰਿਟੈਂਸ਼ਨ ਨਿਯਮਾਂ ਦੇ ਅਨੁਸਾਰ, ਨਿਲਾਮੀ ਦੇ ਆਯੋਜਨ ਤੋਂ ਪਹਿਲਾਂ ਕੋਈ ਵੀ ‘ਅਨਕੈਪਡ ਖਿਡਾਰੀ’ (ਜਿਸ ਨੇ ਕੌਮਾਂਤਰੀ ਮੈਚ ਨਾ ਖੇਡਿਆ ਹੋਵੇ) ਤਿੰਨੇ ਰੂਪਾਂ ਵਿਚੋਂ ਕਿਸੇ ਇਕ ਵਿਚ ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਕਰਦਾ ਹੈ, ਉਸ ਨੂੰ ‘ਕੈਪਡ ਪਲੇਅਰ’ ਸ਼੍ਰੇਣੀ ਵਿਚ ਤਰੱਕੀ ਦਿੱਤੀ ਜਾਵੇਗੀ। ਆਈ. ਪੀ. ਐੱਲ. ਵਿਚ ਪਹਿਲਾਂ ਰਿਟੈਂਸ਼ਨ ਦਾ ਖਰਚਾ 18 ਕਰੋੜ ਰੁਪਏ ਹੋਵੇਗਾ, ਉਸ ਤੋਂ ਬਾਅਦ 14 ਕਰੋੜ ਰੁਪਏ ਦੀ ਦੂਜੀ ਤੇ 11 ਕਰੋੜ ਰੁਪਏ ਦੀ ਤੀਜੀ ਰਿਟੈਂਸ਼ਨ ਰਾਸ਼ੀ ਹੋਵੇਗੀ। ਜੇਕਰ ਕੋਈ ਫ੍ਰੈਂਚਾਈਜ਼ੀ ਚੌਥੀ ਤੇ ਪੰਜਵੀਂ ਰਿਟੈਂਸ਼ਨ ਦਾ ਬਦਲ ਚੁਣਦੀ ਹੈ ਤਾਂ ਉਸ ਨੂੰ ਫਿਰ ਤੋਂ ਕ੍ਰਮਵਾਰ 18 ਕਰੋੜ ਰੁਪਏ ਤੇ 14 ਕਰੋੜ ਰੁਪਏ ਦੇਣੇ ਪੈਣਗੇ। ਟੀਮਾਂ ਲਈ ਰਿਟੈਂਸ਼ਨ ਦੀ ਸੂਚੀ ਦਾ ਐਲਾਨ ਕਰਨ ਦੀ ਸਮਾਂ ਹੱਦ 31 ਅਕਤੂਬਰ ਹੈ ਪਰ ਇਹ ਲੱਗਭਗ ਤੈਅ ਹੈ ਕਿ ਲਖਨਊ ਦੀ ਫ੍ਰੈਂਚਾਈਜ਼ੀ ਲਈ ਮਯੰਕ ਸ਼ੁਰੂਆਤੀ ਤਿੰਨ ਪਹਿਲੇ ਖਿਡਾਰੀਆਂ ਦੀ ਸੂਚੀ ਵਿਚ ਹੋਵੇਗਾ।

ਤਜਰਬੇਕਾਰ ਲੋਕੇਸ਼ ਰਾਹੁਲ, ਦੱਖਣੀ ਅਫਰੀਕਾ ਦੇ ਕਵਿੰਟਨ ਡੀ ਕੌਕ, ਵੈਸਟਇੰਡੀਜ਼ ਦੇ ਹਮਲਾਵਰ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ਤੇ ਆਸਟ੍ਰੇਲੀਆ ਦੇ ਮਾਰਕਸ ਸਟੋਇੰਸ ਅਜਿਹੇ ਨਾਂ ਹਨ, ਜਿਨ੍ਹਾਂ ’ਤੇ ਟੀਮ ਗੰਭੀਰਤਾ ਨਾਲ ਵਿਚਾਰ ਕਰੇਗੀ। ਮੁੱਖ ਕੋਚ ਜਸਟਿਨ ਲੈਂਗਰ ਤੇ ਨਵੇਂ ਸਲਾਹਕਾਰ ਜ਼ਹੀਰ ਖਾਨ ਨਿਸ਼ਚਿਤ ਤੌਰ ’ਤੇ ਇਸ ਤੇਜ਼ ਗੇਂਦਬਾਜ਼ੀ ਸਨਸਨੀ ਨੂੰ ਟੀਮ ਵਿਚ ਬਰਕਰਾਰ ਰੱਖਣਾ ਚਾਹੁਣਗੇ। ਰਿਟੇਨ ਕੀਤੇ ਗਏ ਖਿਡਾਰੀਆਂ ਦੀ ਭਵਿੱਖਬਾਣੀ ਕਰਨਾ ਅਜੇ ਜਲਦਬਾਜ਼ੀ ਹੋਵੇਗੀ ਪਰ 22 ਸਾਲਾ ਮਯੰਕ ਦੇ ਬੈਂਕ ਖਾਤੇ ਵਿਚ ‘ਪੈਸਿਆਂ ਦੀ ਮੀਂਹ’ ਪੈਣਾ ਲੱਗਭਗ ਤੈਅ ਹੈ।

ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਆਈ. ਪੀ. ਐੱਲ. ਦੇ ਅੰਦਰੂਨੀ ਸੂਤਰ ਨੇ ਦੱਸਿਆ, ‘‘ਅਜਿਹਾ ਕੋਈ ਕਾਰਨ ਨਹੀਂ ਹੈ ਕਿ ਐੱਲ. ਐੱਸ. ਜੀ. ਮਯੰਕ ਵਰਗੇ ਪ੍ਰਤਿਭਾਸ਼ਾਲੀ ਗੇਂਦਬਾਜ਼ ਨੂੰ ਨਿਲਾਮੀ ਪੂਲ ਵਿਚ ਵਾਪਸ ਰੱਖੇ। ਉਸ ਨੇ ਪਿਛਲੇ ਦੋ ਸੈਸ਼ਨਾਂ ਤੋਂ ਇਸ ਨੌਜਵਾਨ ਖਿਡਾਰੀ ’ਤੇ ਨਿਵੇਸ਼ ਕੀਤਾ ਹੈ ਤੇ ਉਹ ਨਿਸ਼ਚਿਤ ਰੂਪ ਨਾਲ ਰਿਟੇਨ ਕੀਤੇ ਗਏ ਚੋਟੀ ਦੇ ਤਿੰਨ ਖਿਡਾਰੀਆਂ ਵਿਚੋਂ ਇਕ ਹੋਵੇਗਾ।’’

ਰੈੱਡੀ ਲਈ ਹਾਲਾਂਕਿ ਮਾਮਲਾ ਥੋੜ੍ਹਾ ਵੱਖਰਾ ਹੋ ਸਕਦਾ ਹੈ ਕਿਉਂਕਿ ਪੂਰੀ ਸੰਭਾਵਨਾ ਹੈ ਕਿ ਸਨਰਾਈਜ਼ਰਜ਼ ਹੈਦਰਾਬਾਦ ਪੈਟ ਕਮਿੰਸ, ਟ੍ਰੈਵਿਸ ਹੈੱਡ ਤੇ ਅਭਿਸ਼ੇਕ ਸ਼ਰਮਾ ਨੂੰ ਸ਼ੁਰੂਆਤੀ ਤਿੰਨ ਰਿਟੇਨ ਖਿਡਾਰੀਆਂ ਦੇ ਤੌਰ ’ਤੇ ਰੱਖੇ। ਟੀਮ ਆਲਰਾਊਂਡਰ ਰੈੱਡੀ ਲਈ ‘ਰਾਈਟ ਟੂ ਮੈਚ’ ਕਾਰਡ ਦਾ ਇਸਤੇਮਾਲ ਕਰ ਸਕਦੀ ਹੈ।


Tarsem Singh

Content Editor

Related News