ਮੈਰੀਕਾਮ ਫਾਈਨਲ ''ਚ, ਸ਼ਿਵ ਤੇ ਮਨੋਜ ਨੂੰ ਕਾਂਸੀ

02/01/2018 12:24:25 AM

ਨਵੀਂ ਦਿੱਲੀ- 5 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਇੰਡੀਆ ਓਪਨ ਮੁੱਕੇਬਾਜ਼ੀ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚ ਗਈ ਹੈ ਜਦਕਿ ਸ਼ਿਵ ਥਾਪਾ ਤੇ ਮਨੋਜ ਕੁਮਾਰ ਨੂੰ ਸੈਮੀਫਾਈਨਲ ਵਿਚ ਹਾਰ ਤੋਂ ਬਾਅਦ ਕਾਂਸੀ ਤਮਗੇ ਨਾਲ ਹੀ ਸਬਰ ਕਰਨਾ ਪਿਆ। 12ਵਾਂ ਦਰਜਾ ਪ੍ਰਾਪਤ ਮੈਰੀਕਾਮ (48 ਕਿਲੋ) ਦਾ ਸਾਹਮਣਾ ਮੰਗੋਲੀਆ ਦੀ ਅਲਟੇਨਸੇਟਸੇਗ ਐੱਲ. ਨਾਲ ਸੀ। ਮੈਰੀਕਾਮ ਨੇ ਸ਼ੁਰੂ ਤੋਂ ਹੀ ਬੜ੍ਹਤ ਬਣਾਉਂਦੇ ਹੋਏ ਹਮਲਾਵਰ ਵਤੀਰਾ ਅਪਣਾਈ ਰੱਖਿਆ। ਆਖਰੀ ਤਿੰਨ ਮਿੰਟ 'ਚ ਥਕਾਨ ਉਸ 'ਤੇ ਹਾਵੀ ਹੋ ਗਈ ਪਰ ਉਸ ਨੇ ਲੈਅ ਬਰਕਰਾਰ ਰੱਖੀ।  ਹੁਣ ਉਸ ਦਾ ਸਾਹਮਣਾ ਫਿਲਪੀਨ ਦੀ ਜੋਸੀ ਗਾਬੂਕੋ ਨਾਲ ਹੋਵੇਗਾ। 
ਪੁਰਸ਼ ਵਰਗ ਵਿਚ ਵਿਸ਼ਵ ਤੇ ਏਸ਼ੀਆਈ ਤਮਗਾ ਜੇਤੂ ਸ਼ਿਵ (60 ਕਿਲੋ) ਨੂੰ ਕਾਂਸੀ ਤਮਗੇ ਨਾਲ ਹੀ ਸਬਰ ਕਰਨਾ ਪਿਆ। ਉਹ ਭਾਰਤ ਦੇ ਹੀ ਮਨੀਸ਼ ਕੌਸ਼ਿਕ ਤੋਂ ਹਾਰ ਗਿਆ। ਇਹ ਮਨੀਸ਼ ਹੱਥੋਂ ਸ਼ਿਵ ਦੀ ਦੂਜੀ ਹਾਰ ਹੈ। ਸਾਬਕਾ ਰਾਸ਼ਟਰ ਮੰਡਲ ਖੇਡਾਂ ਦਾ ਸੋਨ ਤਮਗਾ ਜੇਤੂ ਮਨੋਜ ਕੁਮਾਰ (69 ਕਿਲੋ) ਵੀ ਹਮਵਤਨ ਦਿਨੇਸ਼ ਤੋਂ ਸੈਮੀਫਾਈਨਲ 'ਚ ਹਾਰ ਗਿਆ।  ਏਸ਼ੀਆਈ ਕਾਂਸੀ ਤਮਗਾ ਜੇਤੂ ਤੇ ਫਲਾਯਵੇਟ ਵਿਚ ਚੋਟੀ ਦਰਜਾ ਪ੍ਰਾਪਤ ਅਮਿਤ ਪਾਂਗਲ ਫਾਈਨਲ ਵਿਚ ਪਹੁੰਚ ਗਿਆ। ਉਸ ਨੇ ਵੰਡੇ ਹੋਏ ਫੈਸਲੇ ਵਿਚ ਹਮਵਤਨ ਐੱਨ. ਲਾਲਗਿਆਕਿਮਾ ਨੂੰ ਹਰਾਇਆ।
ਮਹਿਲਾ ਵਰਗ ਵਿਚ ਚੋਟੀ ਦਰਜਾ ਪ੍ਰਾਪਤ ਐੱਲ. ਸਰਿਤਾ ਦੇਵੀ (60 ਕਿਲੋ) ਨੇ ਹਮਵਤਨ ਪ੍ਰਿਯੰਕਾ ਨੂੰ ਹਰਾਇਆ। ਹੁਣ ਉਸ ਦਾ ਸਾਹਮਣਾ ਫਿਨਲੈਂਡ ਦੀ ਓਲੰਪਿਕ ਤੇ ਵਿਸ਼ਵ ਕਾਂਸੀ ਤਮਗਾ ਜੇਤੂ ਮੀਰਾ ਪੋਟਕੋਨੇਨ ਨਾਲ ਹੋਵੇਗਾ। ਵਿਸ਼ਵ ਨੌਜਵਾਨ ਚੈਂਪੀਅਨ ਤੇ ਚੋਟੀ ਦਰਜਾ ਪ੍ਰਾਪਤ ਸ਼ਸ਼ੀ ਚੋਪੜਾ (57 ਕਿਲੋ) ਨੂੰ ਹਮਵਤਨ ਸੋਨੀਆ ਨੇ ਹਰਾਇਆ। ਹੁਣ ਉਹ ਫਾਈਨਲ ਵਿਚ ਫਿਲੀਪਨ ਨੂੰ ਨੇਸਟੀ ਪੇਟੇਸੀਓ ਨਾਲ ਖੇਡੇਗੀ। ਸਾਬਕਾ ਚਾਂਦੀ ਤਮਗਾ ਜੇਤੂ ਸਰਜੂਬਾਲਾ ਦੇਵੀ (51 ਕਿਲੋ) ਨੂੰ ਵੀ ਕਾਂਸੀ ਤਮਗਾ ਮਿਲਿਆ, ਜਿਹੜੀ ਸੈਮੀਫਾਈਨਲ ਵਿਚ ਮੰਗੋਲੀਆ ਦੀ ਜੇ ਓਚਿਰਬੇਟ ਤੋਂ ਹਾਰ ਗਈ। ਦੂਜਾ ਦਰਜਾ ਪ੍ਰਾਪਤ ਸਿਮਰਨਜੀਤ ਕੌਰ (64 ਕਿਲੋ) ਨੂੰ ਵੀ ਕਾਂਸੀ ਤਮਗਾ ਮਿਲਿਆ।


Related News