ਗੁਪਟਿਲ ਦਾ ਸੈਂਕੜਾ, ਨਿਊਜ਼ੀਲੈਂਡ ਨੇ ਬੰਗਲਾਦੇਸ਼ ''ਤੇ ਆਸਾਨ ਜਿੱਤ ਦਰਜ ਕੀਤੀ

Wednesday, Feb 13, 2019 - 06:18 PM (IST)

ਗੁਪਟਿਲ ਦਾ ਸੈਂਕੜਾ, ਨਿਊਜ਼ੀਲੈਂਡ ਨੇ ਬੰਗਲਾਦੇਸ਼ ''ਤੇ ਆਸਾਨ ਜਿੱਤ ਦਰਜ ਕੀਤੀ

ਨੇਪੀਅਰ : ਭਾਰਤ ਤੋਂ ਟੀ-20 ਸੀਰੀਜ਼ 2-1 ਨਾਲ ਜਿੱਤਣ ਵਾਲੀ ਨਿਊਜ਼ੀਲੈਂਡ ਦੀ ਟੀਮ ਨੇ ਓਪਨਰ ਮਾਰਟਿਨ ਗੁਪਟਿਲ ਦੀਆਂ ਅਜੇਤੂ 117 ਦੌੜਾਂ ਦੀ ਬਦੌਲਤ ਬੰਗਲਾਦੇਸ਼ ਨੂੰ ਪਹਿਲੇ ਵਨ ਡੇ ਵਿਚ ਬੁਧਵਾਰ ਨੂੰ 8 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਬੰਗਲਾਦੇਸ਼ ਨੇ ਮੁਹੰਮਦ ਮਿਥੁਨ (62) ਦੇ ਅਰਧ ਸੈਂਕੜੇ ਅਤੇ 9ਵੇਂ ਨਬੰਰ ਦੇ ਬੱਲੇਬਾਜ਼ ਮੁਹੰਮਦ ਸੈਫੁਦੀਨ ਦੀਆਂ 41 ਦੌੜਾਂ ਨਾਲ 48.5 ਓਵਰਾਂ ਵਿਚ 232 ਦੌੜਾਂ ਬਣਾਈਆਂ। ਟ੍ਰੈਂਟ ਬੋਲਟ ਅਤੇ ਮਿਸ਼ੇਲ ਸੈਂਟਨਰ ਨੇ 3-3 ਵਿਕਟਾਂ ਲਈਆਂ, ਜਦਕਿ ਮੈਟ ਹੈਨਰੀ ਅਤੇ ਲੋਕੀ ਫਾਰਗੁਸਨ ਨੇ 2-2 ਵਿਕਟਾਂ ਹਾਸਲ ਕੀਤੀਆਂ।

PunjabKesari

ਨਿਊਜ਼ੀਲੈਂਡ ਨੇ 44.3 ਓਵਰਾਂ ਵਿਚ ਹੀ 2 ਵਿਕਟਾਂ 'ਤੇ 233 ਦੌੜਾਂ ਬਣਾ ਕੇ ਆਸਾਨ ਜਿੱਤ ਹਾਸਲ ਕਰ ਲਈ। ਗੁਪਟਿਲ ਨੇ 116 ਗੇਂਦਾਂ 'ਤੇ 8 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 117 ਦੌੜਾਂ ਦੀ ਪਾਰੀ ਖੇਡੀ। ਗੁਪਟਿਲ ਨੂੰ 'ਮੈਨ ਆਫ ਦਿ ਮੈਚ' ਪੁਰਸਕਾਰ ਨਾਲ ਨਵਾਜ਼ਿਆ ਗਿਆ। ਹੈਨਰੀ ਨਿਕੋਲਸ ਨੇ 80 ਗੇਂਦਾਂ ਵਿਚ 5 ਚੌਕਿਆਂ ਦੀ ਮਦਦ ਨਾਲ 53 ਦੌੜਾਂ ਅਤੇ ਰਾਸ ਟੇਲਰ ਨੇ 49 ਗੇਂਦਾਂ ਵਿਚ 6 ਚੌਕਿਆਂ ਦੇ ਸਹਾਰੇ ਅਜੇਤੂ 45 ਦੌੜਾਂ ਬਣਾਈਆਂ। ਕਪਤਾਨ ਕੇਨ ਵਿਲੀਅਮਸਨ 11 ਦੌੜਾਂ ਬਣਾ ਕੇ ਆਊਟ ਹੋਏ। ਬੰਗਲਾਦੇਸ਼ ਲਈ ਮਿਹੰਦੀ ਹਸਨ ਅਤੇ ਮੁਹੰਮਦੁਲਾਹ ਨੇ 1-1 ਵਿਕਟ ਲਈ।


Related News