ਮਨੂ ਭਾਕਰ ਨੇ ਏਅਰ ਪਿਸਟਲ ਮੁਕਾਬਲੇ 'ਚ ਜਿੱਤੇ ਗੋਲਡ
Thursday, Dec 27, 2018 - 05:29 PM (IST)

ਨਵੀਂ ਦਿੱਲੀ— ਯੁਵਾ ਮਨੂ ਭਾਕਰ ਨੇ ਵੀਰਵਾਰ ਨੂੰ ਇੱਥੇ ਰਾਸ਼ਟਰੀ ਚੋਣ ਟ੍ਰਾਇਲ ਦੀ 10 ਮੀਟਰ ਪਿਸਟਲ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹਿਲਾ ਅਤੇ ਜੂਨੀਅਰ ਫਾਈਨਲ ਦੋਹਾਂ ਵਰਗਾਂ 'ਚ ਖਿਤਾਬ ਜਿੱਤੇ। ਯੁਵਾ ਓਲੰਪਿਕ, ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਅਤੇ ਰਾਸ਼ਟਰ ਖੇਡਾਂ ਦੀ ਸੋਨ ਤਮਗਾ ਜੇਤੂ ਹਰਿਆਣਾ ਦੀ ਮਨੂ ਨੇ ਮਹਿਲਾ 10 ਮੀਟਰ ਏਅਰ ਪਿਸਟਲ ਫਾਈਨਲ 'ਚ 242.1 ਅੰਕ ਦੇ ਨਾਲ ਸੋਨ ਤਮਗਾ ਜਿੱਤਿਆ। ਇਸ ਵਰਗ 'ਚ 13 ਸਾਲ ਦੀ ਈਸ਼ਾ ਸਿੰਘ 240.2 ਅੰਕ ਦੇ ਨਾਲ ਦੂਜੇ ਜਦਕਿ ਅਨੁਰਾਧਾ 219.3 ਅੰਕ ਦੇ ਨਾਲ ਤੀਜੇ ਸਥਾਨ 'ਤੇ ਰਹੀ। ਮਨੂ ਕੁਆਲੀਫਿਕੇਸ਼ਨ 'ਚ 579 ਅੰਕ ਦੇ ਨਾਲ ਦੂਜੇ ਸਥਾਨ 'ਤੇ ਰਹੀ।
ਬੁੱਧਵਾਰ ਨੂੰ ਕੁਆਲੀਫਿਕੇਸ਼ਨ 'ਚ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਕੇ ਚੋਟੀ 'ਤੇ ਪਹੁੰਚੀ ਦੁਨੀਆ ਦੀ ਸਾਬਕਾ ਨੰਬਰ ਇਕ ਨਿਸ਼ਾਨੇਬਾਜ਼ ਹਿਨਾ ਸਿੱਧੂ ਫਾਈਨਲ 'ਚ 197.3 ਅੰਕ ਦੇ ਨਾਲ ਚੌਥੇ ਸਥਾਨ 'ਤੇ ਰਹੀ। ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ 'ਚ ਜੂਨੀਅਰ ਫਾਈਨਲ 'ਚ 16 ਸਾਲ ਦੀ ਮਨੁ ਨੇ 244.5 ਅੰਕ ਦੇ ਨਾਲ ਖਿਤਾਬ ਆਪਣੇ ਨਾਂ ਕੀਤਾ। ਈਸ਼ਾ ਦੂਜੇ ਜਦਕਿ ਯਸ਼ਸਵੀ ਜੋਸ਼ੀ ਤੀਜੇ ਸਥਾਨ 'ਤੇ ਰਹੀ। ਯੁਵਾ 10 ਮੀਟਰ ਏਅਰ ਪਿਸਟਲ ਫਾਈਨਲ ਸੌਮਿਆ ਧਿਆਨੀ ਨੇ 241.4 ਅੰਕ ਦੇ ਨਾਲ ਜਿੱਤਿਆ। ਵਿਭੂਤੀ ਭਾਟੀਆ (237.6) ਅਤੇ ਯਸ਼ਸਵੀ ਜੋਸ਼ੀ (215.3) ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।