ਮਨੂ ਤੇ ਸੌਰਭ ਨੇ ਜੂਨੀਅਰ ਵਿਸ਼ਵ ਰਿਕਾਰਡ ਨਾਲ ਜਿੱਤਿਆ ਸੋਨਾ
Friday, Nov 09, 2018 - 09:51 PM (IST)

ਨਵੀਂ ਦਿੱਲੀ- ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ ਮਨੂ ਭਾਕਰ ਤੇ ਸੌਰਭ ਚੌਧਰੀ ਨੇ ਕੁਵੈਤ ਸਿਟੀ ਵਿਚ 11ਵੀਂ ਏਸ਼ੀਅਨ ਏਅਰਗੰਨ ਚੈਂਪੀਅਨਸ਼ਿਪ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਜੂਨੀਅਰ ਪ੍ਰਤੀਯੋਗਿਤਾ ਵਿਚ ਜੂਨੀਅਰ ਵਿਸ਼ਵ ਰਿਕਾਰਡ ਬਣਾਉਂਦਿਆਂ ਸੋਨ ਤਮਗਾ ਜਿੱਤ ਲਿਆ।
ਭਾਰਤੀ ਜੋੜੀ ਨੇ ਫਾਈਨਲ ਵਿਚ ਚੀਨੀ ਜੋੜੀ ਵਾਂਗ ਜਿਆਯੂ ਤੇ ਹੋਂਗ ਸ਼ੁਕੀ ਨੂੰ ਹਰਾ ਕੇ ਸੋਨਾ ਜਿੱਤਿਆ। ਭਾਰਤੀ ਜੂਨੀਅਰ ਨਿਸ਼ਾਨੇਬਾਜ਼ ਦਲ ਨੇ ਚਾਰ ਸੋਨ ਸਮੇਤ ਕੁਲ 11 ਤਮਗਿਆਂ ਨਾਲ ਚੈਂਪੀਅਨਸ਼ਿਪ ਦੀ ਸਮਾਪਤੀ ਕੀਤੀ।
ਯੂਥ ਓਲੰਪਿਕ ਖੇਡਾਂ ਦੇ ਚੈਂਪੀਅਨ ਮਨੂ ਤੇ ਸੌਰਭ ਨੇ ਫਾਈਨਲ ਵਿਚ 485.4 ਦਾ ਸਕੋਰ ਕੀਤਾ, ਜਦਕਿ ਚੀਨੀ ਜੋੜੀ 477.9 ਦਾ ਸਕੋਰ ਕਰ ਸਕੀ। ਇਕ ਹੋਰ ਚੀਨੀ ਜੋੜੀ ਨੇ ਕਾਂਸੀ ਤਮਗਾ ਜਿੱਤਿਆ। ਇਕ ਹੋਰ ਭਾਰਤੀ ਜੋੜੀ ਅਭਿਧਨਯਾ ਪਾਟਿਲ ਤੇ ਅਨਮੋਲ ਜੈਨ ਨੂੰ ਚੌਥਾ ਸਥਾਨ ਮਿਲਿਆ।