ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ! ਅਕਾਲੀ ਦਲ ਨਾਲ ਗਠਜੋੜ ’ਤੇ ਭਾਜਪਾ...
Friday, Jul 25, 2025 - 05:24 PM (IST)

ਜਲੰਧਰ (ਅਨਿਲ ਪਾਹਵਾ)–2027 ’ਚ ਪੰਜਾਬ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਇਨ੍ਹਾਂ ਚੋਣਾਂ ਵਿਚ ਸਾਰੀਆਂ ਸਿਆਸੀ ਪਾਰਟੀਆਂ ਸ਼ਾਇਦ ਇਹ ਸੋਚ ਕੇ ਮੈਦਾਨ ਵਿਚ ਉਤਰਣਗੀਆਂ ਕਿ ਸਰਕਾਰ ਉਨ੍ਹਾਂ ਦੀ ਬਣਨ ਜਾ ਰਹੀ ਹੈ। ਇਸ ਸੋਚ ’ਤੇ ਖਰਾ ਉਤਰਣ ਲਈ ਸਿਆਸੀ ਪਾਰਟੀਆਂ ਨੂੰ ਜਿੱਥੇ ਸਖਤ ਮਿਹਨਤ ਕਰਨੀ ਪਵੇਗੀ, ਉੱਥੇ ਹੀ ਉਨ੍ਹਾਂ ਨੂੰ ਸੂਬੇ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਕਈ ਤਰ੍ਹਾਂ ਦੇ ਪਾਪੜ ਵੇਲਣੇ ਵੀ ਪੈ ਸਕਦੇ ਹਨ। ਦੂਜੀਆਂ ਪਾਰਟੀਆਂ ਵਿਚ ਸੰਨ੍ਹ ਲਾਉਣ ਤੋਂ ਲੈ ਕੇ ਸਿਆਸੀ ਪਾਰਟੀਆਂ ਨਾਲ ਗਠਜੋੜ ਕਰਨ ਵਰਗੇ ਅਹਿਮ ਫ਼ੈਸਲੇ ਇਸ ਸਮੇਂ ’ਚ ਲਏ ਜਾਣਗੇ। ਗਠਜੋੜ ਦੀ ਜਦੋਂ ਵੀ ਗੱਲ ਹੁੰਦੀ ਹੈ ਤਾਂ ਪੰਜਾਬ ’ਚ ਭਾਜਪਾ ਅਤੇ ਅਕਾਲੀ ਦਲ ਦੇ ਗਠਜੋੜ ਦਾ ਜ਼ਿਕਰ ਹੋਣਾ ਲਾਜ਼ਮੀ ਹੈ। ਇਸ ਵਾਰ ਇਹ ਗਠਜੋੜ ਹੋਵੇਗਾ ਜਾਂ ਨਹੀਂ, ਇਸ ਗੱਲ ’ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਨੈਸ਼ਨਲ ਹਾਈਵੇਅ ਤੇ ਮੁੱਖ ਸੜਕਾਂ ਨੂੰ ਲੈ ਕੇ ਜਾਰੀ ਹੋਏ ਵੱਡੇ ਹੁਕਮ
ਇੰਝ ਵਧੀ ਭਾਜਪਾ ’ਚ ਗਠਜੋੜ ’ਤੇ ਕਨਫਿਊਜ਼ਨ
ਪਾਰਟੀ ਦੇ ਸੂਬਾ ਮੁਖੀ ਰਹੇ ਸੁਨੀਲ ਜਾਖੜ ਹੁਣੇ ਜਿਹੇ ਪੰਜਾਬ ਵਿਚ ਅਕਾਲੀ-ਭਾਜਪਾ ਵਿਚਾਲੇ ਗਠਜੋੜ ’ਤੇ ਆਪਣਾ ਪੱਖ ਜ਼ਾਹਿਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਕਾਲੀ ਦਲ ਤੇ ਭਾਜਪਾ ਨੂੰ ਆਪਸੀ ਮਤਭੇਦ ਖਤਮ ਕਰਨੇ ਚਾਹੀਦੇ ਹਨ ਅਤੇ ਦੋਵਾਂ ਨੂੰ ਮਿਲ ਕੇ ਪੰਜਾਬ ਵਿਚ ਚੋਣ ਲੜਨੀ ਚਾਹੀਦੀ ਹੈ।
ਉਨ੍ਹਾਂ ਦੇ ਇਸ ਬਿਆਨ ਦਾ ਸਿੱਧਾ ਮਤਲਬ ਸੀ ਕਿ ਉਨ੍ਹਾਂ ਦੀ ਇੱਛਾ ਹੈ ਕਿ ਪਾਰਟੀ ਪੰਜਾਬ ਵਿਚ ਅਕਾਲੀ ਦਲ ਦੇ ਨਾਲ ਮਿਲ ਕੇ ਚੋਣ ਲੜੇ ਪਰ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਜੋ ਬਿਆਨ ਆਇਆ ਹੈ, ਉਸ ਤੋਂ ਬਾਅਦ ਸੂਬੇ ਵਿਚ ਭਾਜਪਾ ਅੰਦਰ ਕਨਫਿਊਜ਼ਨ ਵਧ ਗਈ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਭਾਜਪਾ ਪੰਜਾਬ ’ਚ 2027 ਦੀ ਚੋਣ ਇਕੱਲਿਆਂ ਲੜੇਗੀ ਅਤੇ ਅਕਾਲੀ ਦਲ ਨਾਲ ਗੱਠਜੋੜ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਪੁਲਸ ਮੁਲਾਜ਼ਮ ਦੀ ਵਾਇਰਲ ਹੋਈ ਅਜਿਹੀ ਵੀਡੀਓ ਨੇ ਉਡਾਏ ਸਭ ਦੇ ਹੋਸ਼, ਹੋ ਗਈ ਵੱਡੀ ਕਾਰਵਾਈ
ਇਕੋ ਮੁੱਦੇ ’ਤੇ ਵੱਖ-ਵੱਖ ਤਰ੍ਹਾਂ ਦੀ ਸੋਚ
ਜਾਖੜ ਭਾਜਪਾ ਦੇ ਸੀਨੀਅਰ ਆਗੂ ਹਨ ਅਤੇ ਜੇ ਉਹ ਇਸ ਤਰ੍ਹਾਂ ਦੀ ਗੱਲ ਕਹਿ ਰਹੇ ਹਨ ਤਾਂ ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਉਨ੍ਹਾਂ ਦੀ ਇੱਛਾ ਹੈ ਕਿ ਸੂਬੇ ਵਿਚ ਭਾਜਪਾ-ਅਕਾਲੀ ਦਲ ਮਿਲ ਕੇ ਚੱਲਣ ਪਰ ਅਸ਼ਵਨੀ ਸ਼ਰਮਾ ਇਸ ਗੱਠਜੋੜ ਨੂੰ ਸਿਰੇ ਤੋਂ ਨਕਾਰ ਰਹੇ ਹਨ ਅਤੇ ਸਪਸ਼ਟ ਕਹਿ ਰਹੇ ਹਨ ਕਿ ਅਕਾਲੀ ਦਲ ਦੇ ਨਾਲ ਮਿਲ ਕੇ ਚੋਣ ਨਹੀਂ ਲੜੀ ਜਾਵੇਗੀ। ਇਕੋ ਪਾਰਟੀ ਦੇ 2 ਆਗੂਆਂ ਦੀ ਵੱਖ-ਵੱਖ ਸਟੇਟਮੈਂਟ ਅਤੇ ਇਕੋ ਮੁੱਦੇ ’ਤੇ ਵੱਖਰੀ ਸੋਚ ਪਾਰਟੀ ਦੇ ਵਰਕਰਾਂ ਨੂੰ ਵੀ ਕਨਫਿਊਜ਼ ਕਰ ਰਹੀ ਹੈ। ਸ਼ਾਇਦ ਪਾਰਟੀ ਦੇ ਸੀਨੀਅਰ ਆਗੂ ਵੀ ਹੁਣ ਇਸ ਗੱਲ ’ਤੇ ਕਨਫਿਊਜ਼ ਹੋ ਗਏ ਹੋਣਗੇ ਕਿ ਆਖਰ ਪਾਰਟੀ ਦੀ ਅਸਲੀ ਸੋਚ ਜਾਂ ਅਸਲੀ ਸਟ੍ਰੈਟੇਜੀ ਕੀ ਹੋਣੀ ਚਾਹੀਦੀ ਹੈ।
ਅਕਾਲੀ ਦਲ ਦੇ ਨਾਲ ਸੱਤਾ ’ਚ ਵੀ ਭਾਜਪਾ ਨੂੰ ਨਹੀਂ ਮਿਲਦਾ ਸੀ ਮਾਣ-ਸਨਮਾਨ
ਪੰਜਾਬ ’ਚ ਅਕਾਲੀ ਦਲ ਦੇ ਨਾਲ ਭਾਜਪਾ ਸੱਤਾ ਵਿਚ ਵੀ ਰਹੀ ਹੈ ਪਰ ਅਕਾਲੀ ਦਲ ਨਾਲ ਮਿਲ ਕੇ ਭਾਜਪਾ ਨੇ ਜਿੰਨਾ ਵੀ ਸਮਾਂ ਕੱਢਿਆ ਹੈ, ਉਹ ਵੀ ਕਨਫਿਊਜ਼ਨ ਭਰਿਆ ਹੀ ਰਿਹਾ ਹੈ। ਵੱਡੇ ਭਰਾ ਦੇ ਤੌਰ ’ਤੇ ਅਕਾਲੀ ਦਲ ਨੇ ਭਾਜਪਾ ਦੇ ਨੇਤਾਵਾਂ ਨੂੰ ਪ੍ਰੇਸ਼ਾਨ ਕਰਨ ’ਚ ਕੋਈ ਕਸਰ ਨਹੀਂ ਛੱਡੀ। ਭਾਜਪਾ ਦੇ ਨੇਤਾਵਾਂ ਨੂੰ ਉਹ ਮਾਣ-ਸਨਮਾਨ ਨਹੀਂ ਮਿਲਿਆ, ਜਿਸ ਦੇ ਉਹ ਸਰਕਾਰ ਵਿਚ ਹੱਕਦਾਰ ਸਨ। ਅਕਾਲੀ ਦਲ ਦੇ ਨੇਤਾਵਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਗਈ, ਜਿਸ ਕਾਰਨ ਭਾਜਪਾ ਅੰਦਰ ਅਕਾਲੀ ਦਲ ਨਾਲੋਂ ਵੱਖ ਹੋ ਕੇ ਚੋਣ ਲੜਨ ਦੀ ਸੋਚ ਪੈਦਾ ਹੋਈ ਅਤੇ ਅਖੀਰ ਇਹ ਗੱਠਜੋੜ ਟੁੱਟ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਹਾਦਸਾ! ਮਾਂ ਦੀਆਂ ਅੱਖਾਂ ਸਾਹਮਣੇ ਤੜਫ਼-ਤੜਫ਼ ਕੇ ਧੀ ਦੀ ਮੌਤ, ਚਾਵਾਂ ਨਾਲ ਜਾ ਰਹੀ ਸੀ ਟਿਊਸ਼ਨ
ਅਕਾਲੀ ਦਲ ਦੇ ਰਵੱਈਏ ਕਾਰਨ ਤਾਂ ਨਹੀਂ ਹੋਇਆ ਗਠਜੋੜ ਦਾ ਵਿਰੋਧ
ਪਹਿਲਾਂ ਗਠਜੋੜ ਤੋੜਨ ਲਈ ਅਤੇ ਹੁਣ ਮੁੜ ਗਠਜੋੜ ਕਰਨ ਲਈ ਭਾਜਪਾ ਦੇ ਕਈ ਲੋਕ ਬੇਹੱਦ ਉਤਾਵਲੇ ਹਨ। ਅਸਲ ’ਚ ਵੱਖ ਹੋ ਕੇ ਦੋਵਾਂ ਸਿਆਸੀ ਪਾਰਟੀਆਂ ਨੂੰ ਇਹ ਮਹਿਸੂਸ ਹੋਣ ਲੱਗਾ ਹੈ ਕਿ ਉਨ੍ਹਾਂ ਦਾ ਇਕ-ਦੂਜੇ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਵੇਗਾ। ਅਕਾਲੀ ਦਲ ਨੂੰ ਸ਼ਹਿਰਾਂ ਵਿਚ ਅਤੇ ਭਾਜਪਾ ਨੂੰ ਪਿੰਡਾਂ ’ਚ ਮਜ਼ਬੂਤੀ ਨਹੀਂ ਮਿਲ ਰਹੀ, ਜਿਸ ਕਾਰਨ ਦੋਵੇਂ ਪਾਰਟੀਆਂ ਹੁਣ ਸ਼ਾਇਦ ਗੱਠਜੋੜ ਦੀ ਅਹਿਮੀਅਤ ਮਹਿਸੂਸ ਕਰ ਰਹੀਆਂ ਹਨ ਪਰ ਜਿਨ੍ਹਾਂ ਲੋਕਾਂ ਨੇ ਗੱਠਜੋੜ ਵਿਚ ਰਹਿ ਕੇ ਅਕਾਲੀ ਦਲ ਦੀ ਧੌਂਸ ਨੂੰ ਸਹਿਣ ਕੀਤਾ ਹੈ, ਉਹ ਕਦੇ ਵੀ ਇਸ ਦੇ ਹੱਕ ਵਿਚ ਨਹੀਂ ਹਨ।
ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦੀ ਹੋਈ ਅਹਿਮ ਮੀਟਿੰਗ, ਲਏ ਗਏ ਵੱਡੇ ਫ਼ੈਸਲੇ, ਗਰੁੱਪ D 'ਚ ਭਰਤੀ ਹੋਣ ਦੀ ਵਧਾਈ ਗਈ ਉਮਰ ਹੱਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e