ਡੋਪ ਟੈਸਟ ਵਿਚ ਫੇਲ ਮਨਪ੍ਰੀਤ ਨਹੀਂ ਖੇਡ ਸਕੇਗੀ ਵਿਸ਼ਵ ਚੈਂਪੀਅਨਸ਼ਿਪ ਵਿਚ

07/20/2017 2:52:38 PM

ਨਵੀਂ ਦਿੱਲੀ— ਭਾਰਤ ਦੀ ਚੋਟੀ ਦੀ ਸ਼ਾਟ ਪੁੱਟ ਖਿਡਾਰਨ ਮਨਪ੍ਰੀਤ ਕੌਰ ਅਗਲੇ ਮਹੀਨੇ ਲੰਡਨ ਵਿਚ ਹੋਣ ਵਾਲੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਹਿੱਸਾ ਨਹੀਂ ਲੈ ਸਕੇਗੀ ਕਿਉਂਕਿ 2 ਦਿਨਾਂ ਵਿਚ ਦੂਜੀ ਵਾਰ ਉਸ ਨੂੰ ਪਾਬੰਦੀਸ਼ੁਦਾ ਪਦਾਰਥ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਹੈ। ਮਨਪ੍ਰੀਤ ਦੇ ਪਿਸ਼ਾਬ ਦੇ ਏ ਨਮੂਨੇ ਚੀਨ ਦੇ ਜਿਨਹੁਆ ਵਿਚ 24 ਅਪ੍ਰੈਲ ਨੂੰ ਹੋਈ ਏਸ਼ੀਆਈ ਗ੍ਰਾਂ ਪ੍ਰੀ. ਦੇ ਪਹਿਲੇ ਪੜਾਅ ਦੇ ਦੌਰਾਨ ਲਏ ਗਏ ਸਨ। ਇਸ 'ਚ ਪਾਬੰਦੀਸ਼ੁਦਾ ਸਟਿਮਿਊਲੇਂਟ ਡਾਈਮੇਥਿਲਬੁਟਿਲੇਮਾਈਨ ਦੇ ਅੰਸ਼ ਮਿਲੇ ਸਨ। ਇਹ ਉਹੀ ਪਦਾਰਥ ਹੈ ਜੋ ਪਟਿਆਲਾ ਵਿਚ ਫੈਡਰੇਸ਼ਨ ਕੱਪ ਰਾਸ਼ਟਰੀ ਚੈਂਪੀਅਨਸ਼ਿਪ ਦੇ ਦੌਰਾਨ ਲਏ ਗਏ ਉਨ੍ਹਾਂ ਦੇ ਮੂਤਰ ਦੇ ਏ ਨਮੂਨੇ 'ਚ ਮਿਲਿਆ ਸੀ। 

ਭਾਰਤੀ ਐਥਲੈਟਿਕਸ ਮਹਾਸੰਘ ਦੇ ਪ੍ਰਧਾਨ ਆਦਿਲੇ ਸੁਮੀਰਵਾਲਾ ਨੇ ਪ੍ਰੈੱਸ ਟਰੱਸਟ ਨੂੰ ਕਿਹਾ, ''ਮਨਪ੍ਰੀਤ ਫਿਰ ਤੋਂ ਸਟੇਰਾਇਡ ਅਤੇ ਸਟਿਮਿਊਲੇਂਟ ਦੇ ਸੇਵਨ ਦੀ ਦੋਸ਼ੀ ਪਾਈ ਗਈ ਹੈ। ਏ.ਐੱਫ.ਆਈ. ਨੇ ਉਸ ਉੱਤੇ ਅਸਥਾਈ ਮੁਅੱਤਲੀ ਲਗਾ ਦਿੱਤੀ ਹੈ। ਉਹ ਹੁਣ ਵਿਸ਼ਵ ਚੈਂਪੀਅਨਸ਼ਿਪ ਟੀਮ ਤੋਂ ਬਾਹਰ ਹੈ।'' ਆਈ.ਏ.ਏ.ਐੱਫ. ਵਿਸ਼ਵ ਚੈਂਪੀਅਨਸ਼ਿਪ ਲੰਡਨ ਵਿਚ 5 ਤੋਂ 13 ਅਗਸਤ ਤੱਕ ਖੇਡੀ ਜਾਵੇਗੀ। ਮਨਪ੍ਰੀਤ ਨੇ ਹਾਲ ਹੀ ਵਿਚ ਭੁਵਨੇਸ਼ਵਰ ਵਿਚ ਹੋਈ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਿਆ ਸੀ। ਉਸ ਨੇ ਆਪਣਾ ਰਾਸ਼ਟਰੀ ਰਿਕਾਰਡ ਬਿਹਤਰ ਕਰਦੇ ਹੋਏ 18.85 ਮੀਟਰ ਦਾ ਥ੍ਰੋ ਸੁੱਟਿਆ ਸੀ।


Related News