ਮੰਧਾਨਾ, ਰਿਚਾ ਤੇ ਦੀਪਤੀ ਨੂੰ ਆਈ. ਸੀ. ਸੀ. ਦੀ ਸਾਲ ਦੀ ਸਰਵੋਤਮ ਮਹਿਲਾ ਟੀ-20 ਕੌਮਾਂਤਰੀ ’ਚ ਮਿਲੀ ਜਗ੍ਹਾ
Sunday, Jan 26, 2025 - 01:11 PM (IST)
ਦੁਬਈ- ਧਾਕੜ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ, ਵਿਕਟਕੀਪਰ ਰਿਚਾ ਘੋਸ਼ ਤੇ ਆਲਰਾਊਂਡਰ ਦੀਪਤੀ ਸ਼ਰਮਾ ਨੂੰ ਸ਼ਨੀਵਾਰ ਨੂੰ ਭਾਰਤੀ ਖਿਡਾਰਨਾਂ ਦੀ ਦਬਦਬੇ ਵਾਲੀ ਆਈ. ਸੀ. ਸੀ. ਮਹਿਲਾ ਟੀ-20 ਕੌਮਾਂਤਰੀ ਸਾਲ 2024 ਦੀ ਸਰਵੋਤਮ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।
ਮੰਧਾਨਾ ਤੇ ਦੀਪਤੀ ਨੂੰ ਸ਼ੁੱਕਰਵਾਰ ਨੂੰ ਆਈ. ਸੀ. ਸੀ. ਮਹਿਲਾ ਵਨ ਡੇ ਸਾਲ ਦੀ ਸਰਵੋਤਮ ਟੀਮ 2024 ਵਿਚ ਵੀ ਸ਼ਾਮਲ ਕੀਤਾ ਗਿਆ ਸੀ। ਮੰਧਾਨਾ ਲਈ ਸਾਲ 2024 ਸ਼ਾਨਦਾਰ ਰਿਹਾ । ਉਸ ਨੇ ਸਾਲ ਦੀ ਸ਼ੁਰੂਆਤ ਆਸਟ੍ਰੇਲੀਆ ਵਿਰੁੱਧ 54 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਨਾਲ ਤੇ ਇਸਦਾ ਅੰਤ ਘਰੇਲੂ ਮੈਦਾਨ ’ਤੇ ਵੈਸਟਇੰਡੀਜ਼ ਵਿਰੁੱਧ ਲਗਾਤਾਰ 3 ਅਰਧ ਸੈਂਕੜਿਆਂ ਨਾਲ ਕੀਤਾ। ਇਸ ਸਲਾਮੀ ਬੱਲੇਬਾਜ਼ ਨੇ ਇਸ ਦੌਰਾਨ 23 ਮੈਚਾਂ ਵਿਚ 763 ਦੌੜਾਂ ਬਣਾਈਆਂ ਤੇ ਮਹਿਲਾ ਟੀ-20 ਕੌਮਾਂਤਰੀ ਰੈਂਕਿੰਗ ਵਿਚ ਦੂਜੇ ਸਥਾਨ ’ਤੇ ਪਹੁੰਚ ਗਈ। ਮੰਧਾਨਾ ਨੇ ਇਸ ਦੌਰਾਨ 8 ਅਰਧ ਸੈਂਕੜੇ ਲਾਏ।
ਰਿਚਾ ਦੀ ਧਮਾਕੇਦਾਰ ਬੱਲੇਬਾਜ਼ੀ ਨੇ ਉਸ ਨੂੰ ਪਿਛਲੇ ਸਾਲ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਿਆਂ ਵਿਚੋਂ ਇਕ ਬਣਾਇਆ। ਉਸ ਨੇ ਪਿਛਲੇ ਸਾਲ ਦੀ ਸ਼ੁਰੂਆਤ ਵਿਚ ਯੂ. ਏ. ਈ. ਵਿਰੁੱਧ 29 ਗੇਂਦਾਂ ਵਿਚ ਅਜੇਤੂ 64 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ। ਉਸ ਨੇ 21 ਮੈਚਾਂ ਵਿਚ 2 ਅਰਧ ਸੈਂਕੜਿਆਂ ਨਾਲ 33.18 ਦੀ ਔਸਤ ਨਾਲ 365 ਦੌੜਾਂ ਬਣਾਈਆਂ।
ਭਾਰਤੀ ਟੀਮ ਨੂੰ 2024 ਵਿਚ ਮਿਲੀ ਸਫਲਤਾ ਵਿਚ ਦੀਪਤੀ ਦਾ ਯੋਗਦਾਨ ਕਾਫੀ ਅਹਿਮ ਰਿਹਾ। ਉਸ ਨੇ ਆਪਣੀ ਆਫ ਸਪਿੰਨ ਗੇਂਦਬਾਜ਼ੀ ਨਾਲ 17.80 ਦੀ ਔਸਤ ਨਾਲ 30 ਵਿਕਟਾਂ ਲੈ ਕੇ ਪ੍ਰਭਾਵਿਤ ਕੀਤਾ। ਉਸਨੇ ਇਸ ਦੌਰਾਨ ਸਿਰਫ 6.01 ਦੀ ਇਕਾਨਮੀ ਰੇਟ ਨਾਲ ਦੌੜਾਂ ਦਿੱਤੀਆਂ। ਦੀਪਤੀ ਨੇ ਏਸ਼ੀਆ ਕੱਪ ਵਿਚ ਨੇਪਾਲ ਤੇ ਪਾਕਿਸਤਾਨ ਵਿਰੁੱਧ 3-3 ਵਿਕਟਾਂ ਲਈਆਂ ਸਨ। ਆਈ. ਸੀ. ਸੀ. ਆਲ ਸਟਾਰ ਟੀਮ ਦੀ ਕਪਤਾਨੀ ਦੱਖਣੀ ਅਫਰੀਕਾ ਦੀ ਲੌਰਾ ਵੋਲਵਾਰਡਟ ਕਰ ਰਹੀ ਹੈ, ਜਿਸ ਨੇ ਪਿਛਲੇ ਸਾਲ ਆਪਣੀ ਟੀਮ ਨੂੰ ਕਈ ਮਹੱਤਵਪੂਰਨ ਜਿੱਤਾਂ ਦਿਵਾਈਆਂ।
ਆਈ. ਸੀ. ਸੀ. ਮਹਿਲਾ ਸਾਲ ਦੀ ਸਰਵੋਤਮ ਟੀ-20 ਟੀਮ : ਲੌਰਾ ਵੋਲਵਾਰਡਟ (ਕਪਤਾਨ), ਮਾਰਿਜਨ ਕਾਪ, ਸਮ੍ਰਿਤੀ ਮੰਧਾਨਾ, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਚਾਮਰੀ ਅਟਾਪੱਟੂ, ਹੈਲੀ ਮੈਥਿਊਜ਼, ਨੈੱਟ ਸਿਵਰ ਬ੍ਰੰਟ, ਅਮੇਲੀਆ ਕੇਰ, ਓਰਲਾ ਪ੍ਰੇਂਡਰਗਾਸਟ ਤੇ ਸਾਦੀਆ ਇਕਬਾਲ।