ਵਿਰੋਧੀ ਟੀਮਾਂ ਨੂੰ ਪਛਾੜਨ ’ਚ ਅਹਿਮ ਭੂਮਿਕਾ ਰਹੀ ਰੋਹਿਤ ਤੇ ਗਿੱਲ ਦੀ ਸਲਾਮੀ ਜੋੜੀ ਦੀ

Tuesday, Mar 11, 2025 - 04:30 PM (IST)

ਵਿਰੋਧੀ ਟੀਮਾਂ ਨੂੰ ਪਛਾੜਨ ’ਚ ਅਹਿਮ ਭੂਮਿਕਾ ਰਹੀ ਰੋਹਿਤ ਤੇ ਗਿੱਲ ਦੀ ਸਲਾਮੀ ਜੋੜੀ ਦੀ

ਦੁਬਈ– ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਦੀ ਸਲਾਮੀ ਜੋੜੀ ਨੇ ਚੈਂਪੀਅਨਜ਼ ਟਰਾਫੀ ਵਿਚ ਵਿਰੋਧੀ ਟੀਮਾਂ ਨੂੰ ਪਿੱਛੇ ਛੱਡ ਕੇ ਭਾਰਤ ਨੂੰ ਖਿਤਾਬ ਦਿਵਾਉਣ ਤੱਕ ਅਹਿਮ ਭੂਮਿਕਾ ਨਿਭਾਈ। ਰੋਹਿਤ ਨੇ ਜਿੱਥੇ ਹਮਲਾਵਰਤਾ ਅਖਤਿਆਰ ਕੀਤੀ ਤਾਂ ਉੱਥੇ ਹੀ, ਪੰਜਾਬ ਦੇ ਬੱਲੇਬਾਜ਼ ਨੇ ਕੋਈ ਗੈਰ ਜ਼ਰੂਰੀ ਜੋਖਮ ਨਹੀਂ ਚੁੱਕਿਆ। ਇਸ ਤਰ੍ਹਾਂ ਨਾਲ ਦੋਵੇਂ ਇਕ-ਦੂਜੇ ਦੇ ਪੂਰਕ ਦਿਸੇ।

ਚੈਂਪੀਅਨਜ਼ ਟਰਾਫੀ ਫਾਈਨਲ ਦੇ 6ਵੇਂ ਓਵਰ ਵਿਚ ਰੋਹਿਤ ਨੇ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨਾਥਨ ਸਮਿਥ ’ਤੇ 92 ਮੀਟਰ ਦੂਰ ਛੱਕਾ ਲਾ ਦਿੱਤਾ। 8 ਓਵਰਾਂ ਤੋਂ ਬਾਅਦ ਗਿੱਲ ਨੇ ਵੀ ਰਚਿਨ ਰਵਿੰਦਰ ਦੀ ਗੇਂਦ ਨੂੰ ਲਾਂਗ ਆਨ ’ਤੇ ਛੱਕਾ ਲਾ ਦਿੱਤਾ। ਰੋਹਿਤ ਦੀਆਂ ਸ਼ਾਟਾਂ ਨੇ ਦਿਖਾਇਆ ਕਿ ਉਹ ਹਾਲਾਤ ਦੇ ਬਾਰੇ ਵਿਚ ਸੋਚੇ ਬਿਨਾਂ ਜਾਂ ਗੇਂਦ ਦੀ ਸਥਿਤੀ ਦਾ ਮੁਲਾਂਕਣ ਕੀਤੇ ਬਿਨਾਂ ਗੇਂਦਬਾਜ਼ਾਂ ’ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਗਿੱਲ ਨੇ ਮੌਕੇ ਦਾ ਇੰਤਜ਼ਾਰ ਕਰ ਕੇ ਸ਼ਾਟਾਂ ਲਾਉਣ ਦੀ ਇੱਛਾ ਦਿਖਾਈ। ਦੋਵੇਂ ਇਸ ਤਰ੍ਹਾਂ ਖੇਡਦੇ ਹਨ।

ਰੋਹਿਤ-ਗਿੱਲ ਦੀ ਸਲਾਮੀ ਜੋੜੀ ਬੀਤੇ ਸਮੇਂ ਦੀਆਂ ਸਾਰੀਆਂ ਬਿਹਤਰੀਨ ਜੋੜੀਆਂ ਦੀ ਤਰ੍ਹਾਂ ਹੀ ਦਿਸੀ, ਜਿਸ ਵਿਚ ਇਕ ਬੱਲੇਬਾਜ਼ ਹਮਲਾਵਰ ਖੇਡ ਰਿਹਾ ਹੁੰਦਾ ਹੈ ਤਾਂ ਦੂਜਾ ਓਨਾ ਹੀ ਸਹਿਜ ਤੇ ਸਬਰ ਨਾਲ ਸ਼ਾਟਾਂ ਲਾ ਰਿਹਾ ਹੁੰਦਾ ਹੈ। ਬੀਤੇ ਸਮੇਂ ਦੀਆਂ ਕੁਝ ਸਲਾਮੀ ਜੋੜੀਆਂ ਨੂੰ ਦੇਖਿਆ ਜਾਵੇ ਤਾਂ ਵੈਸਟਇੰਡੀਜ਼ ਦੇ ਗਾਰਡਨ ਗ੍ਰੀਨਿਜ ਤੇ ਡੇਸਮੰਡ ਹੇਂਸ, ਭਾਰਤ ਦੇ ਸਚਿਨ ਤੇਂਦੁਲਕਰ ਤੇ ਸੌਰਭ ਗਾਂਗੁਲੀ ਅਤੇ ਆਸਟ੍ਰੇਲੀਆ ਦੇ ਮੈਥਿਊ ਹੈਡਿਨ ਤੇ ਐਡਮ ਗਿਲਕ੍ਰਿਸਟ ਦੀਆਂ ਜੋੜੀਆਂ ਅਜਿਹੀਆਂ ਹੁੰਦੀਆਂ ਸਨ, ਜਿਹੜੀਆਂ ਆਪਣੇ ਜੋੜੀਦਾਰਾਂ ਦੀ ਮਜ਼ਬੂਤੀ ਨੂੰ ਦੇਖ ਕੇ ਇਕ-ਦੂਜੇ ਨੂੰ ਵੱਡੀਆਂ ਪਾਰੀਆਂ ਖੇਡਣ ਵਿਚ ਮਦਦ ਕਰਦੀਆਂ ਸਨ।

ਆਈ. ਸੀ. ਸੀ. ਚੈਂਪੀਅਨਜ਼ ਟਰਾਫੀ ਵਿਚ ਬੰਗਲਾਦੇਸ਼ ਵਿਰੁੱਧ ਭਾਰਤ ਦੇ ਪਹਿਲੇ ਮੈਚ ਵਿਚ ਭਾਰਤੀ ਸਲਾਮੀ ਬੱਲੇਬਾਜ਼ਾਂ ਨੇ 9.5 ਓਵਰਾਂ ਵਿਚ 69 ਦੌੜਾਂ ਬਣਾਈਆਂ, ਜਿਨ੍ਹਾਂ ਵਿਚੋਂ 41 ਦੌੜਾਂ ਸਿਰਫ ਰੋਹਿਤ ਦੇ ਬੱਲੇ ਤੋਂ ਆਈਆਂ। ਇਸ ਸਮੇਂ ਗਿੱਲ 23 ਗੇਂਦਾਂ ’ਤੇ 26 ਦੌੜਾਂ ਬਣਾ ਕੇ ਖੇਡ ਰਿਹਾ ਸੀ ਪਰ ਜਲਦ ਹੀ ਕ੍ਰੀਜ਼ ’ਤੇ ਟਿਕ ਗਿਆ ਤੇ ਆਖਿਰਕਾਰ ਟੀਮ ਦੀ 6 ਵਿਕਟਾਂ ਦੀ ਜਿੱਤ ਵਿਚ ਸੈਂਕੜਾ ਲਾ ਦਿੱਤਾ।

ਨਿਊਜ਼ੀਲੈਂਡ ਵਿਰੁੱਧ ਫਾਈਨਲ ਵਿਚ ਰੋਹਿਤ ਤਦ 63 ਗੇਂਦਾਂ ’ਤੇ 69 ਦੌੜਾਂ ਬਣਾ ਕੇ ਖੇਡ ਰਿਹਾ ਸੀ ਜਦੋਂ ਗਿੱਲ 50 ਗੇਂਦਾਂ ’ਤੇ 31 ਦੌੜਾਂ ਬਣਾ ਕੇ ਆਊਟ ਹੋ ਗਿਆ। ਇਹ ਸਾਂਝੇਦਾਰੀ ਅੱਗੇ ਵੱਧ ਸਕਦੀ ਸੀ ਪਰ ਜੇ ਗਲੇਨ ਫਿਲਿਪਸ ਨੇ ਗਿੱਲ ਨੂੰ ਆਊਟ ਕਰਨ ਲਈ ‘ਫਲਾਇੰਗ ਕੈਚ’ ਨਾ ਫੜਿਆ ਹੁੰਦਾ। ਇਨ੍ਹਾਂ ਦੋਵਾਂ ਵਿਚਾਲੇ ਭੂਮਿਕਾ ਚੰਗੀ ਤਰ੍ਹਾਂ ਨਾਲ ਪਰਿਭਾਸ਼ਿਤ ਹੈ ਤੇ ਇਹ ਉਨ੍ਹਾਂ ਦੇ ਹੁਣ ਤੱਕ ਦੇ ਰਿਕਾਰਡ ਵਿਚੋਂ ਵੀ ਝਲਕਦਾ ਹੈ। 32 ਮੈਚਾਂ ਵਿਚ ਰੋਹਿਤ ਤੇ ਗਿੱਲ ਨੇ 68.51 ਦੀ ਔਸਤ ਨਾਲ 2124 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿਚ 7 ਸੈਂਕੜੇ ਵਾਲੀਆਂ ਸਾਂਝੇਦਾਰੀਆਂ ਤੇ 12 ਅਰਧ ਸੈਂਕੜੇ ਤੋਂ ਵੱਧ ਦੀਆਂ ਸਾਂਝੇਦਾਰੀਆਂ ਸ਼ਾਮਲ ਹਨ।

ਰੋਹਿਤ ਨੇ ਦੱਸਿਆ ਕਿ ਉਹ ਗਿੱਲ ਦੇ ਨਾਲ ਕਿਵੇਂ ਖੇਡਦਾ ਹੈ। ਉਸ ਨੇ ਕਿਹਾ ਕਿ ਉਸਦੀ ਬੱਲੇਬਾਜ਼ੀ ਵਿਚ ਬਹੁਤ ‘ਕਲਾਸ’ ਹੈ ਤੇ ਫਿਰ ਜੇਕਰ ਸਾਡੇ ਦੋਵਾਂ ਵਿਚਾਲੇ ਸਾਂਝੇਦਾਰੀ ਦੀ ਗੱਲ ਹੈ ਤਾਂ ਇਹ ਲਗਾਤਾਰ ਗੱਲਬਾਤ ਕਰਨ ਦੇ ਬਾਰੇ ਵਿਚ ਹੈ ਕਿ ਖੇਡ ਨੂੰ ਕਿਵੇਂ ਅੱਗੇ ਵਧਾਇਆ ਜਾਵੇ ਤੇ ਉਸ ਸਾਂਝੇਦਾਰੀ ਦਾ ਨਿਰਮਾਣ ਕਿਵੇਂ ਕੀਤਾ ਜਾਵੇ। ਜਦੋਂ ਅਸੀਂ ਇਕੱਠੇ ਬੱਲੇਬਾਜ਼ੀ ਕਰਦੇ ਹਾਂ ਤਾਂ ਜ਼ਾਹਿਰ ਹੈ ਕਿ ਅਸੀਂ ਦੋਵੇਂ ਸ਼ਾਟਾਂ ਖੇਡਣਾ ਪਸੰਦ ਕਰਦੇ ਹਾਂ।

ਰੋਹਿਤ ਨੇ ਕਿਹਾ, ‘‘ਉਹ ਫੀਲਡਰਾਂ ਵਿਚਾਲੇ ਸ਼ਾਟ ਲਾਉਣਾ ਪਸੰਦ ਕਰਦਾ ਹੈ। ਮੈਨੂੰ ਹਵਾ ਵਿਚ ਸ਼ਾਟ ਖੇਡਣਾ ਪਸੰਦ ਹੈ। ਇਸ ਲਈ ਇਹ ਅਸਲੀਅਤ ਵਿਚ ਦੋਵਾਂ ਤਰ੍ਹਾਂ ਨਾਲ ਕੰਮ ਕਰਦੀ ਹੈ ਤੇ ਚੰਗੀ ਤਰ੍ਹਾਂ ਨਾਲ ਕੰਮ ਕਰਦੀ ਹੈ, ਇਹ ਹੀ ਵਜ੍ਹਾ ਹੈ ਕਿ ਸਾਡੀ ਸਾਂਝੇਦਾਰੀ ਵਿਚ ਬਹੁਤ ਜ਼ਿਆਦਾ ਨਿਰੰਤਰਤਾ ਰਹੀ ਹੈ। ਈਮਾਨਦਾਰੀ ਨਾਲ ਕਹਾਂ ਤਾਂ ਅਸੀਂ ਅਸਲ ਵਿਚ ਚੰਗੀ ਤਰ੍ਹਾਂ ਨਾਲ ਸਮਝਦੇ ਹਾਂ।’’
 


author

Tarsem Singh

Content Editor

Related News