ਇਨਾਮ ਵੰਡ ਸਮਾਰੋਹ ’ਚ ਆਪਣਾ ਪ੍ਰਤੀਨਿਧੀ ਨਾ ਬੁਲਾਏ ਜਾਣ ’ਤੇ ਵਿਰੋਧ ਦਰਜ ਕਰਵਾਏਗਾ ਪੀ. ਸੀ. ਬੀ.
Tuesday, Mar 11, 2025 - 02:43 PM (IST)

ਲਾਹੌਰ, (ਭਾਸ਼ਾ)– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੁਬਈ ਵਿਚ ਟੂਰਨਾਮੈਂਟ ਦੇ ਸਮਾਪਤੀ ਸਮਾਰਹੋ ਦੌਰਾਨ ਆਪਣੇ ਸੀ. ਈ. ਓ. ਤੇ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਦੇ ਨਿਰਦੇਸ਼ਕ ਸੁਮੈਰ ਅਹਿਮਦ ਸਈਅਦ ਨੂੰ ਨਜ਼ਰਅੰਦਾਜ਼ ਕਰਨ ਲਈ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਸਾਹਮਣੇ ਆਪਣਾ ਵਿਰੋਧ ਦਰਜ ਕਰਵਾਏਗਾ।
ਪੀ. ਸੀ. ਬੀ. ਦੇ ਇਕ ਸੂਤਰ ਨੇ ਸੋਮਵਾਰ ਨੂੰ ਕਿਹਾ ਕਿ ਆਈ. ਸੀ. ਸੀ. ਨੇ ਇਸ ਸਬੰਧ ਵਿਚ ਜਿਹੜਾ ਸਪੱਸ਼ਟੀਕਰਨ ਦਿੱਤਾ ਹੈ, ਉਸ ਤੋਂ ਬੋਰਡ ਦਾ ਮੁਖੀ ਮੋਹਸਿਨ ਨਕਵੀ ਸੰਤੁਸ਼ਟ ਨਹੀਂ ਹੈ।
ਸੂਤਰਾਂ ਨੇ ਕਿਹਾ,‘‘ਆਈ. ਸੀ. ਸੀ. ਨੇ ਸਪੱਸ਼ਟ ਕੀਤਾ ਹੈ ਕਿ ਉਸ ਨੇ ਮੋਹਸਿਨ ਨਕਵੀ ਦੇ ਮੰਚ ’ਤੇ ਆਉਣ ਦੀ ਤਿਆਰੀ ਕਰ ਲਈ ਸੀ, ਇਸ ਲਈ ਜਦੋਂ ਉਹ ਫਾਈਨਲ ਵਿਚ ਨਹੀਂ ਆਏ ਤਾਂ ਉਸ ਨੇ ਆਪਣੀ ਯੋਜਨਾ ਬਦਲ ਦਿੱਤੀ।’’
ਪੀ. ਸੀ. ਬੀ. ਨੇ ਇਸ ਸਪੱਸ਼ਟੀਕਰਨ ਨੂੰ ਰੱਦ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਆਈ. ਸੀ. ਸੀ. ਟੂਰਨਾਮੈਂਟ ਦੌਰਾਨ ਮੇਜ਼ਬਾਨ ਦੇਸ਼ ਦੇ ਰੂਪ ਵਿਚ ਪਾਕਿਸਤਾਨ ਦੀ ਸਥਿਤੀ ਦੇ ਸਬੰਧ ਵਿਚ ਕਈ ਗਲਤੀਆਂ ਕੀਤੀਆਂ ਸਨ। ਇਸ ਵਿਚ ਭਾਰਤ ਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਮੈਚ ਦੇ ਸਿੱਧੇ ਪ੍ਰਸਾਰਣ ਵਿਚ ਚੈਂਪੀਅਨਜ਼ ਟਰਾਫੀ 2025 ਦਾ ਲੋਗੋ ਬਦਲਣਾ ਤੇ ਲਾਹੌਰ ਵਿਚ ਆਸਟ੍ਰੇਲੀਆ ਤੇ ਇੰਗਲੈਂਡ ਵਿਚਾਲੇ ਖੇਡੇ ਗਏ ਮੈਚ ਵਿਚ ਭਾਰਤੀ ਰਾਸ਼ਟਰੀ ਗੀਤ ਵਜਾਉਣਾ ਸ਼ਾਮਲ ਸੀ।
ਆਈ. ਸੀ. ਸੀ. ਨੇ ਦਾਅਵਾ ਕੀਤਾ ਕਿ ਪਲੇਅਲਿਸਟ ਵਿਚ ਗੜਬੜੀ ਕਾਰਨ ਇਸ ਗਲਤੀ ਨੂੰ ਠੀਕ ਕਰਨ ਤੋਂ ਪਹਿਲਾਂ ਕੁਝ ਸੈਕੰਡ ਲਈ ਭਾਰਤੀ ਰਾਸ਼ਟਰੀ ਗੀਤ ਵੱਜ ਗਿਆ ਸੀ। ਇਨਾਮ ਵੰਡ ਸਮਾਰੋਹ ਵਿਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਮੁਖੀ ਰੋਜ਼ਰ ਬਿੰਨੀ ਨੇ ਭਾਰਤੀ ਖਿਡਾਰੀਆਂ ਨੂੰ ਸਫੈਦ ਕੋਟ ਤੇ ਮੈਚ ਅਧਿਕਾਰੀਆਂ ਨੂੰ ਤਮਗਾ ਪ੍ਰਦਾਨ ਕੀਤਾ ਜਦਕਿ ਆਈ. ਸੀ. ਸੀ. ਮੁਖੀ ਜੈ ਸ਼ਾਹ ਨੇ ਕਪਤਾਨ ਰੋਹਿਤ ਸ਼ਰਮਾ ਨੂੰ ਟਰਾਫੀ ਸੌਂਪੀ ਤੇ ਜੇਤੂਆਂ ਨੂੰ ਤਮਗੇ ਦਿੱਤੇ। ਮੰਚ ’ਤੇ ਬੀ. ਸੀ. ਸੀ. ਆਈ. ਸਕੱਤਰ ਦੇਵਜੀਤ ਸੈਕੀਆ ਤੇ ਨਿਊਜ਼ੀਲੈਂਡ ਕ੍ਰਿਕਟ ਦੇ ਸੀ. ਈ. ਓ. ਰੋਜ਼ਰ ਟੂਸੇ ਵੀ ਹਾਜ਼ਰ ਸਨ।
ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਵੀ ‘ਐਕਸ’ ਉੱਪਰ ਇਕ ਵੀਡੀਓ ਪੋਸਟ ਕਰ ਕੇ ਕਿਹਾ,‘‘ਭਾਰਤ ਨੇ ਚੈਂਪੀਅਨਜ਼ ਟਰਾਫੀ ਜਿੱਤੀ ਪਰ ਪੀ. ਸੀ. ਬੀ. ਦਾ ਕੋਈ ਪ੍ਰਤੀਨਿਧੀ ਫਾਈਨਲ ਤੋਂ ਬਾਅਦ ਨਹੀਂ ਸੀ। ਪਾਕਿਤਾਨ ਮੇਜ਼ਬਾਨ ਸੀ। ਮੇਰੀ ਸਮਝ ਵਿਚ ਇਹ ਨਹੀਂ ਆਇਆ ਕਿ ਪੀ. ਸੀ. ਬੀ. ਤੋਂ ਕੋਈ ਉੱਥੇ ਕਿਉਂ ਨਹੀਂ ਸੀ।’’
ਇਸ ਵਿਚਾਲੇ ਪੀ. ਸੀ. ਬੀ. ਮੁਖੀ ਨੇ ਟੂਰਨਾਮੈਂਟ ਦੀ ਸਫਲਤਾ ਲਈ ਆਪਣੀ ਟੀਮ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਸੂਬਾਈ ਸਰਕਾਰਾਂ, ਆਈ. ਸੀ. ਸੀ. ਅਧਿਕਾਰੀਆਂ ਤੇ ਮਹਿਮਾਨ ਟੀਮਾਂ ਦਾ ਧੰਨਵਾਦ ਜਤਾਇਆ ਹੈ। ਨਕਵੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਕਿਹਾ,‘‘ਤੁਹਾਡੀ ਪ੍ਰਤੀਬੱਧਤਾ ਤੇ ਸਮੂਹਿਕ ਕੋਸ਼ਿਸ਼ ਨਾਲ ਇਸ ਵੱਕਾਰੀ ਟੂਰਨਾਮੈਂਟ ਦਾ ਸਫਲ ਆਯੋਜਨ ਸੰਭਵ ਹੋ ਸਕਿਆ। ਪਾਕਿਸਤਾਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰਨ ਤੇ ਇਸ ਨੂੰ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਲਈ ਸ਼ਾਨਦਾਰ ਟੂਰਨਾਮੈਂਟ ਬਣਾਉਣ ’ਤੇ ਬਹੁਤ ਮਾਣ ਮਹਿਸੂਸ ਕਰਦਾ ਹੈ।’’