ਮਲੇਸ਼ੀਆ ਓਪਨ : ਪ੍ਰਣਯ ਨੇ ਸਥਾਨਕ ਦਾਅਵੇਦਾਰ ਡੇਰੇਨ ਨੂੰ ਹਰਾ ਕੇ ਅਗਲੇ ਦੌਰ ''ਚ ਕੀਤਾ ਪ੍ਰਵੇਸ਼

06/29/2022 1:15:54 PM

ਕੁਆਲਾਲੰਪੁਰ- ਭਾਰਤ ਦੇ ਐੱਚ. ਐੱਸ. ਪ੍ਰਣਯ ਨੇ ਸਖ਼ਤ ਮੁਕਾਬਲੇ ਵਿਚ ਸਥਾਨਕ ਦਾਅਵੇਦਾਰ ਡੇਰੇਨ ਲਿਊ ਨੂੰ ਹਰਾ ਕੇ ਇੱਥੇ ਮਲੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ 'ਚ ਜਗ੍ਹਾ ਬਣਾਈ। ਇਸ ਮਹੀਨੇ ਇੰਡੋਨੇਸ਼ੀਆ ਓਪਨ ਸੁਪਰ 1000 ਦੇ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਵਾਲੇ ਤੇ ਦੁਨੀਆ ਦੇ ਸਿਖਰਲੇ-10 ਖਿਡਾਰੀਆਂ ਵਿਚ ਸ਼ਾਮਲ ਰਹਿ ਚੁੱਕੇ ਪ੍ਰਣਯ ਨੇ 62 ਮਿੰਟ ਤਕ ਚੱਲੇ ਮੁਕਾਬਲੇ ਵਿਚ ਮਲੇਸ਼ੀਆਈ ਖਿਡਾਰੀ ਨੂੰ 21-14, 17-21, 21-18 ਨਾਲ ਹਰਾਇਆ।

ਇਹ ਵੀ ਪੜ੍ਹੋ : ਇੰਗਲੈਂਡ ਨੂੰ WC ਦਿਵਾਉਣ ਵਾਲੇ ਕਪਤਾਨ ਇਓਨ ਮੋਰਗਨ ਨੇ ਲਿਆ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ

ਦੁਨੀਆ ਦੇ 21ਵੇਂ ਨੰਬਰ ਦੇ ਖਿਡਾਰੀ ਪ੍ਰਣਯ ਇਸ ਟੂਰਨਾਮੈਂਟ ਦੇ ਅਗਲੇ ਗੇੜ ਵਿਚ ਚੌਥਾ ਦਰਜਾ ਹਾਸਲ ਤਾਇਪੇ ਦੇ ਚਾਊ ਟਿਏਨ ਚੇਨ ਨਾਲ ਭਿੜਨਗੇ। ਪ੍ਰਣਯ ਦੀ ਜਿੱਤ ਨਾਲ ਭਾਰਤੀ ਖੇਮੇ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਕਿਉਂਕਿ ਇਸ ਤੋਂ ਪਹਿਲਾਂ ਬੀ ਸਾਈ ਪ੍ਰਣੀਤ ਤੇ ਸਮੀਰ ਵਰਮਾ ਨੂੰ ਸਖ਼ਤ ਮੁਕਾਬਲਿਆਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਣੀਤ ਨੂੰ ਦੁਨੀਆ ਦੇ ਛੇਵੇਂ ਨੰਬਰ ਦੇ ਖਿਡਾਰੀ ਇੰਡੋਨੇਸ਼ੀਆ ਦੇ ਏਂਥੋਨੀ ਸਿਨਿਸੁਕਾ ਗਿਨਟਿੰਗ ਨੇ ਹਰਾਇਆ ਜਦਕਿ ਸਮੀਰ ਨੂੰ ਇੰਡੋਨੇਸ਼ੀਆ ਦੇ ਹੀ ਦੁਨੀਆ ਦੇ ਅੱਠਵੇਂ ਨੰਬਰ ਦੇ ਖਿਡਾਰੀ ਜੋਨਾਥਨ ਕ੍ਰਿਸਟੀ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਅਵਨੀ ਲੇਖਰਾ ਬਣੀ ਦੁਨੀਆ ਦੀ ਨੰਬਰ ਇਕ ਨਿਸ਼ਾਨੇਬਾਜ਼

ਦੁਨੀਆ ਦੇ 19ਵੇਂ ਨੰਬਰ ਦੇ ਖਿਡਾਰੀ 30 ਸਾਲ ਦੇ ਪ੍ਰਣੀਤ ਨੂੰ ਗਿਨਟਿੰਗ ਖ਼ਿਲਾਫ਼ 50 ਮਿੰਟ ਤਕ ਚੱਲੇ ਪੁਰਸ਼ ਸਿੰਗਲਜ਼ ਮੁਕਾਬਲੇ ਵਿਚ 15-21, 21-19, 9-21 ਨਾਲ ਹਾਰ ਸਹਿਣੀ ਪਈ। ਇੰਡੋਨੇਸ਼ੀਆ ਦੇ ਖਿਡਾਰੀ ਨੇ ਪ੍ਰਣੀਤ ਖ਼ਿਲਾਫ਼ ਚਾਰ ਮੁਕਾਬਲੇ ਜਿੱਤੇ ਹਨ ਜਦਕਿ ਤਿੰਨ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵੇਂ ਪਿਛਲੀ ਵਾਰ 2020 ਏਸ਼ੀਆਈ ਟੀਮ ਚੈਂਪੀਅਨਸ਼ਿਪ ਦੌਰਾਨ ਭਿੜੇ ਸਨ ਤੇ ਉਦੋਂ ਪ੍ਰਣੀਤ ਦੇ ਸੱਟ ਕਾਰਨ ਹਟਣ 'ਤੇ ਗਿਨਟਿੰਗ ਨੇ ਮੈਚ ਜਿੱਤਿਆ ਸੀ। ਸੱਟ ਤੋਂ ਬਾਅਦ ਵਾਪਸੀ ਕਰ ਰਹੇ ਸਮੀਰ ਨੂੰ 49 ਮਿੰਟ ਤਕ ਚੱਲੇ ਮੈਚ ਵਿਚ ਕ੍ਰਿਸਟੀ ਖ਼ਿਲਾਫ਼ 14-21, 21-13, 7-21 ਨਾਲ ਹਾਰ ਸਹਿਣੀ ਪਈ। ਡਬਲਜ਼ ਵਿਚ ਅਸ਼ਵਿਨੀ ਪੋਨੱਪਾ ਤੇ ਐੱਨ ਸਿੱਕੀ ਰੈੱਡੀ ਦੀ ਮਹਿਲਾ ਜੋੜੀ ਪਹਿਲੇ ਗੇੜ ਵਿਚ ਨਾਮੀ ਮਾਤਸੁਮਾਇਆ ਤੇ ਚਿਹਾਰੂ ਸ਼ਿਦਾ ਦੀ ਜਾਪਾਨ ਦੀ ਛੇਵਾਂ ਦਰਜਾ ਹਾਸਲ ਜੋੜੀ ਹੱਥੋਂ 15-21, 11-21, ਨਾਲ ਹਾਰ ਕੇ ਬਾਹਰ ਹੋ ਗਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


Tarsem Singh

Content Editor

Related News