ਨੈਸ਼ਨਲ ਸਪੋਰਟਸ ਡੇ : ਜਾਣੋ ਹਰ ਸਾਲ 29 ਅਗਸਤ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਇਹ ਖ਼ਾਸ ਦਿਹਾਡ਼ਾ

08/29/2021 12:27:24 PM

ਸਪੋਰਟਸ ਡੈਸਕ- ਖੇਡ ਇਨਸਾਨ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਵੱਡੀ ਗਿਣਤੀ 'ਚ ਲੋਕ ਕੋਈ ਨਾ ਕੋਈ ਖੇਡ ਜ਼ਰੂਰ ਪਸੰਦ ਕਰਦੇ ਹਨ। ਜਦਕਿ, ਖੇਡਾਂ ਨਾਲ ਜੁੜੇ ਲੋਕਾਂ ਦੀ ਚੰਗੀ ਤਾਦਾਤ ਹੈ। ਭਾਰਤ 'ਚ ਖੇਡ ਜਗਤ ਤੋਂ ਅਨੇਕਾਂ ਸਿਤਾਰੇ ਨਿਕਲੇ ਹਨ ਜਿਨ੍ਹਾਂ ਨੇ ਲੋਕਾਂ 'ਤੇ ਜ਼ਬਰਦਸਤ ਛਾਪ ਛੱਡੀ ਹੈ। ਇਸ 'ਚ ਸਾਬਕਾ ਹਾਕੀ ਖਿਡਾਰੀ ਮੇਜਰ ਧਿਆਨਚੰਦ, ਸਾਬਕਾ ਧਾਕੜ ਦੌੜਾਕ ਮਿਲਖਾ ਸਿੰਘ ਤੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਵਰਗੇ ਖਿਡਾਰੀਆਂ ਦੇ ਨਾਂ ਸ਼ਾਮਲ ਹਨ। ਅੱਜ ਦੇਸ਼ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਜਾ ਰਿਹਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਹਰ ਸਾਲ 29 ਅਗਸਤ ਨੂੰ ਹੀ ਖੇਡ ਰਾਸ਼ਟਰੀ ਦਿਵਸ (ਨੈਸ਼ਨਲ ਸਪੋਰਟਸ ਡੇ) ਕਿਉਂ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ : Tokyo Paralympics : ਭਾਵਿਨਾਬੇਨ ਪਟੇਲ ਨੇ ਚਾਂਦੀ ਦਾ ਤਮਗ਼ਾ ਜਿੱਤ ਕੇ ਰਚਿਆ ਇਤਿਹਾਸ

29 ਅਗਸਤ ਤੇ ਰਾਸ਼ਟਰੀ ਖੇਡ ਦਿਵਸ
ਦਰਅਸਲ, ਮੇਜਰ ਧਿਆਨਚੰਦ ਦੀ ਜੈਅੰਤੀ ਨੂੰ ਰਾਸ਼ਟਰੀ ਖੇਡ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। 29 ਅਗਸਤ ਨੂੰ ਹਾਕੀ ਦੇ ਜਾਦੂਗਰ ਧਿਆਨਚੰਦ ਦਾ ਜਨਮ ਦਿਨ ਹੈ। ਉਨ੍ਹਾਂ ਦੀ ਦੀ ਗਿਣਤੀ ਦੁਨੀਆ ਦੇ ਸਭ ਤੋਂ ਬਿਹਤਰੀਨ ਖਿਡਾਰੀਆਂ 'ਚ ਹੁੰਦੀ ਹੈ। ਧਿਆਨਚੰਦ ਦੇ ਗੋਲ ਕਰਨ ਦੀ ਕਾਬਲੀਅਤ ਜ਼ਬਰਦਸਤ ਸੀ। ਉਨ੍ਹਾਂ ਦੇ ਟੀਮ 'ਚ ਰਹਿੰਦੇ ਭਾਰਤ ਨੇ ਹਾਕੀ 'ਚ ਤਿੰਨ ਓਲੰਪਿਕ ਗੋਲਡ ਮੈਡਲ (1928, 1932 ਤੇ 1936) ਆਪਣੇ ਨਾਂ ਕੀਤੇ ਸਨ। ਉਨ੍ਹਾਂ ਦਾ ਜਾਦੂ ਦਹਾਕਿਆਂ ਬਾਅਦ ਵੀ ਬਰਕਰਾਰ ਹੈ ਤੇ ਉਨ੍ਹਾਂ ਦਾ ਹਾਕੀ 'ਚ ਕਦੀ ਨਾ ਭੁੱਲਣ ਵਾਲਾ ਸ਼ਾਨਦਾਰ ਪ੍ਰਦਰਸ਼ਨ ਅੱਜ ਵੀ ਭਾਰਤੀ ਖੇਡ ਦੇ ਖਿਡਾਰੀਆਂ ਨੂੰ ਪ੍ਰੇਰਿਤ ਕਰਦਾ ਹੈ। ਸਰਕਾਰ ਨੇ ਧਿਆਨਚੰਦ ਨੂੰ 1956 'ਚ ਦੇਸ਼ ਦੇ ਤੀਜੇ ਸਰਵਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਸੀ।

ਧਿਆਨਚੰਦ ਦਾ ਸ਼ੁਰੂਆਤੀ ਜੀਵਨ 
ਮਹਾਨ ਹਾਕੀ ਖਿਡਾਰੀ ਮੇਜਰ ਧਿਆਨਚੰਦ ਦਾ ਜਨਮ 29 ਅਗਸਤ, 1905 ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਖੇ ਹੋਇਆ ਸੀ। ਉਹ 16 ਸਾਲ ਦੀ ਉਮਰ 'ਚ ਫ਼ੌਜ 'ਚ ਭਰਤੀ ਹੋ ਗਏ ਸਨ। ਧਿਆਨਚੰਦ 1922 'ਚ ਇਕ ਫ਼ੌਜੀ ਦੇ ਤੌਰ 'ਤੇ ਭਾਰਤੀ ਫ਼ੌਜ 'ਚ ਸ਼ਾਮਲ ਹੋਏ। ਉਹ ਸ਼ੁਰੂਆਤ ਤੋਂ ਇਕ ਖਿਡਾਰੀ ਸਨ। ਉਨ੍ਹਾਂ ਨੂੰ ਹਾਕੀ ਖੇਡਣ ਲਈ ਸੂਬੇਦਾਰ ਮੇਜਰ ਤਿਵਾਰੀ ਤੋਂ ਪ੍ਰੇਰਣਾ ਮਿਲੀ, ਜੋ ਖ਼ੁਦ ਇਕ ਖੇਡ ਪ੍ਰੇਮੀ ਸਨ। 
ਇਹ ਵੀ ਪੜ੍ਹੋ : ਨੀਰਜ ਚੋਪੜਾ ਦਾ ਵੱਡਾ ਸਨਮਾਨ, ਭਾਰਤੀ ਫ਼ੌਜ ਨੇ ਉਨ੍ਹਾਂ ਦੇ ਨਾਂ 'ਤੇ ਰੱਖਿਆ ਆਰਮੀ ਸਪੋਰਟਸ ਇੰਸਟੀਚਿਊਟ ਦਾ ਨਾਂ

ਖੇਡ 'ਚ ਅਸਧਾਰਨ ਪ੍ਰਦਸ਼ਨ ਨੂੰ ਦੇਖਦੇ ਹੋਏ ਸ਼ੱਕ ਕਾਰਨ ਧਿਆਨਚੰਦ ਦੀ ਹਾਕੀ ਸਟਿਕ ਦੀ ਕੀਤੀ ਗਈ ਸੀ ਜਾਂਚ
ਹਾਕੀ 'ਚ ਸ਼ਾਨਦਾਰ ਪ੍ਰਦਰਸ਼ਨ ਕਾਰਨ ਧਿਆਨਚੰਦ ਨੂੰ 1927 ਫ਼ੌਜ 'ਚ ਲਾਂਸ ਨਾਇਕ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਤੇ 1932 'ਚ ਨਾਇਕ ਤੇ 1936 'ਚ ਸੂਬੇਦਾਰ ਦੇ ਤੌਰ 'ਤੇ ਅਹੁਦੇ ਦੀ ਤਰੱਕੀ ਦਿੱਤੀ  ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਲੈਫਟੀਨੈਂਟ, ਕੈਪਟਨ ਤੇ ਫਿਰ ਮੇਜਰ ਦੇ ਤੌਰ 'ਤੇ ਤਰੱਕੀ ਦਿੱਤੀ ਗਈ। ਉਹ ਆਪਣੀ ਖੇਡ 'ਚ ਇੰਨੇ ਮਾਹਰ ਸਨ ਕਿ ਜੇਕਰ ਕੋਈ ਗੇਂਦ ਉਨ੍ਹਾਂ ਦੀ ਹਾਕੀ ਸਟਿਕ ਨਾਲ ਚਿਪਕ ਜਾਂਦੀ ਸੀ ਤਾਂ ਉਹ ਗੋਲ ਮਾਰ ਕੇ ਹੀ ਦਮ ਲੈਂਦੇ ਸਨ। ਇਕ ਵਾਰ ਮੈਚ ਦੇ ਦੌਰਾਨ ਉਨ੍ਹਾਂ ਦੀ ਹਾਕੀ ਸਟਿਕ ਤੋੜ ਕੇ ਜਾਂਚ ਕੀਤੀ ਗਈ ਕਿ ਕਿਤੇ ਉਸ ਦੇ ਅੰਦਰ ਕੋਈ ਚੁੰਬਕ ਜਾਂ ਕੁਝ ਹੋਰ ਚੀਜ਼ ਤਾਂ ਨਹੀਂ ਹੈ। ਮੇਜਰ ਧਿਆਨਚੰਦ 1936 ਦੇ ਬਰਲਿਨ ਓਲੰਪਿਕ 'ਚ ਭਾਰਤੀ ਹਾਕੀ ਟੀਮ ਦੇ ਕਪਤਾਨ ਬਣੇ ਸਨ। ਭਾਰਤ ਨੇ ਇੱਥੇ ਸੋਨ ਤਮਗ਼ਾ ਜਿੱਤਿਆ ਸੀ।

ਕਰੀਅਰ 'ਚ ਲਗਭਗ ਇਕ ਹਜ਼ਾਰ ਗੋਲ ਦਾਗ਼ੇ
ਧਿਆਨਚੰਦ ਨੇ 1926 ਤੋਂ 1948 ਤਕ ਆਪਣੇ ਕਰੀਅਰ 'ਚ ਲਗਭਗ 400 ਤੋਂ ਵੱਧ ਕੌਮਾਂਤਰੀ ਗੋਲ ਕੀਤੇ। ਉਨ੍ਹਾਂ ਨੇ ਆਪਣੇ ਪੂਰੇ ਕਰੀਅਰ 'ਚ ਲਗਭਗ ਇਕ ਹਜ਼ਾਰ ਗੋਲ ਕੀਤੇ। ਧਿਆਨਚੰਦ ਨੂੰ ਸਨਮਾਨ ਦੇਣ ਲਈ ਭਾਰਤ ਸਰਕਾਰ ਨੇ 2012 'ਚ ਉਨ੍ਹਾਂ ਜਨਮ ਦਿਨ ਨੂੰ ਰਾਸ਼ਟਰੀ ਖੇਡ ਦਿਵਸ ਦੇ ਤੌਰ 'ਤੇ ਮਣਾਉਣ ਦਾ ਫ਼ੈਸਲਾ ਕੀਤਾ ਸੀ। ਹਾਲ ਹੀ 'ਚ ਸਰਕਾਰ ਨੇ ਖੇਡ ਦੇ ਖੇਤਰ 'ਚ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਐਵਾਰਡ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਾ ਨਂ ਬਦਲ ਕੇ ਮੇਜਰ ਧਿਆਨਚੰਦ ਦੇ ਨਾਂ 'ਤੇ ਕੀਤਾ ਹੈ। ਧਿਆਨਚੰਦ ਦਾ ਦਿਹਾਂਤ 3 ਦਸੰਬਰ 1979 ਨੂੰ ਹੋਇਆ ਸੀ।
ਇਹ ਵੀ ਪੜ੍ਹੋ : ਟੋਕੀਓ ਪੈਰਾਲੰਪਿਕਸ : ਸੋਨ ਤਮਗ਼ੇ ਦੇ ਟੀਚੇ ਦੇ ਨਾਲ ਟੋਕੀਓ ਰਵਾਨਾ ਹੋਏ ਸੁਹਾਸ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News