ਵੇਸਲੀ ਸੋ ਨਾਲ ਫਾਈਨਲ ''ਚ ਭਿੜੇਗਾ ਮੈਗਨਸ ਕਾਰਲਸਨ
Thursday, Oct 31, 2019 - 12:48 AM (IST)

ਓਸਲੋ (ਨਾਰਵੇ) (ਨਿਕਲੇਸ਼ ਜੈਨ)— ਫਿਡੇ ਫਿਸ਼ਰ ਰੈਂਡਮ ਸ਼ਤਰੰਜ ਵਿਸ਼ਵ ਚੈਂਪੀਅਨਸ਼ਿਪ-2019 ਵਿਚ ਨਾਰਵੇ ਦੇ ਮੌਜੂਦਾ ਕਲਾਸੀਕਲ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਸੈਮੀਫਾਈਨਲ ਵਿਚ ਅਮਰੀਕਾ ਦੇ ਫਾਬਿਆਨੋ ਕਾਰੂਆਨਾ ਨੂੰ ਹਰਾਉਂਦੇ ਹੋਏ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਅਮਰੀਕਾ ਦੇ ਵੇਸਲੀ ਸੋ ਨੇ ਵੀ ਰੂਸ ਦੇ ਇਯਾਨ ਨੇਪੋਮਨਿਆਚੀ ਨੂੰ ਹਰਾਉਂਦੇ ਹੋਏ ਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਅਤੇ ਹੁਣ ਫਾਈਨਲ ਵਿਚ ਕਾਰਲਸਨ ਅਤੇ ਵੇਸਲੀ ਸੋ ਆਪਸ ਵਿਚ ਟਕਰਾਉਣਗੇ।
ਤੀਸਰੇ ਦਿਨ ਜਦੋਂ ਮੁਕਾਬਲਾ ਸ਼ੁਰੂ ਹੋਇਆ ਤਾਂ ਕਾਰਲਸਨ 2.5-1.5 ਨਾਲ ਅੱਗੇ ਚੱਲ ਰਿਹਾ ਸੀ। ਉਸ ਨੇ ਪਹਿਲਾਂ ਤਾਂ 2 ਫਾਸਟ ਰੈਪਿਡ ਮੁਕਾਬਲੇ ਜਿੱਤ ਕੇ ਬੜ੍ਹਤ ਨੂੰ 4.5-1.5 ਤੱਕ ਪਹੁੰਚਾਇਆ ਅਤੇ ਫਿਰ ਇਕ ਡਰਾਅ ਖੇਡ ਕੇ 5-2 ਨਾਲ ਫਾਈਨਲ ਵਿਚ ਜਗ੍ਹਾ ਬਣਾ ਲਈ। ਵੇਸਲੀ ਸੋ, ਜੋ ਕੱਲ ਹੀ 3-1 ਨਾਲ ਅੱਗੇ ਨਿਕਲ ਚੁੱਕਾ ਸੀ, ਉਸ ਨੇ ਇਯਾਨ ਨੇਪੋਮਨਿਆਚੀ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਪਹਿਲੇ 2 ਫਾਸਟ ਰੈਪਿਡ ਡਰਾਅ ਖੇਡ ਕੇ ਬੜ੍ਹਤ ਨੂੰ 4-2 'ਤੇ ਪਹੁੰਚਾਇਆ। ਫਿਰ ਤੀਸਰਾ ਮੁਕਾਬਲਾ ਜਿੱਤ ਕੇ 5-2 ਦੇ ਸਕੋਰ ਨਾਲ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।