Tokyo Olympics : 17 ਸਾਲ ਦੀ ਸਕੂਲੀ ਵਿਦਿਆਰਥਣ ਨੇ ਅਮਰੀਕਾ ਨੂੰ ਤੈਰਾਕੀ ’ਚ ਦਿਵਾਇਆ ਸੋਨ ਤਮਗ਼ਾ
Tuesday, Jul 27, 2021 - 05:32 PM (IST)
ਟੋਕੀਓ– ਅਮਰੀਕਾ ਦੀ ਸਕੂਲੀ ਵਿਦਿਆਰਥਣ ਲੀਡੀਆ ਜੇਕੋਬੀ ਨੇ ਟੀਮ ਦੀ ਆਪਣੀ ਸਾਥੀ ਤੇ ਸਾਬਕਾ ਓਲੰਪਿਕ ਚੈਂਪੀਅਨ ਲਿਲੀ ਕਿੰਗ ਨੂੰ ਪਛਾੜ ਕੇ ਟੋਕੀਓ ਓਲੰਪਿਕ ਦੀ ਮਹਿਲਾ 100 ਮੀਟਰ ਬ੍ਰੈਸਟਸਟ੍ਰੋਕ ਤੈਰਾਕੀ ਮੁਕਾਬਲੇ ’ਚ ਸੋਨ ਤਮਗ਼ਾ ਜਿੱਤਿਆ। 17 ਸਾਲਾ ਜੇਕੋਬੀ ਅਮਰੀਕਾ ਦੀ ਓਲੰਪਿਕ ਤੈਰਾਕੀ ਟੀਮ ’ਚ ਜਗ੍ਹਾ ਬਣਾਉਣ ਵਾਲੀ ਅਲਾਸਕਾ ਦੀ ਪਹਿਲੀ ਤੈਰਾਕ ਹੈ।
ਜੇਕੋਬੀ ਨੇ ਇਕ ਮਿੰਟ 4.95 ਸਕਿੰਟ ਦੇ ਸਮੇਂ ਦੇ ਨਾਲ ਖ਼ਿਤਾਬ ਆਪਣੇ ਨਾਂ ਕੀਤਾ। ਦੱਖਣੀ ਅਫ਼ਰੀਕਾ ਦੀ ਤਤਜਾਨਾ ਸ਼ਕੋਨਮੇਕਰ ਨੇ ਇਕ ਮਿੰਟ 5.2 ਸਕਿੰਟ ਦੇ ਨਾਲ ਚਾਂਦੀ ਦਾ ਤਮਗਾ ਜਿੱਤਿਆ ਜਦਕਿ ਲਿਲੀ ਨੇ ਇਕ ਮਿੰਟ 5.54 ਸਕਿੰਟ ਦੇ ਨਾਲ ਕਾਂਸੀ ਤਮਗ਼ਾ ਜਿੱਤ ਕੇ ਅਮਰੀਕਾ ਨੂੰ ਮੁਕਾਬਲੇ ਦਾ ਦੂਜਾ ਤਮਗ਼ਾ ਦਿਵਾਇਆ।