ਭਾਰਤ ਖਿਲਾਫ ਨਹੀਂ ਖੇਡਣਗੇ ਜ਼ਖਮੀ ਐਨਗਿਡੀ, ਅਮਲਾ ਪਹਿਲੇ ਤੋਂ ਬਿਹਤਰ

Monday, Jun 03, 2019 - 02:07 PM (IST)

ਭਾਰਤ ਖਿਲਾਫ ਨਹੀਂ ਖੇਡਣਗੇ ਜ਼ਖਮੀ ਐਨਗਿਡੀ, ਅਮਲਾ ਪਹਿਲੇ ਤੋਂ ਬਿਹਤਰ

ਸਪੋਰਟਸ ਡੈਸਕ— ਦੱਖਣੀ ਅਫਰੀਕਾ ਦੇ ਯੁਵਾ ਤੇਜ਼ ਗੇਂਦਬਾਜ਼ ਲੁੰਗੀ ਐਨਗਿਡੀ ਭਾਰਤ ਖਿਲਾਫ ਬੁੱਧਵਾਰ ਨੂੰ ਵਰਲਡ ਕੱਪ ਦੇ ਮੈਚ 'ਚ ਨਹੀਂ ਖੇਡ ਸਕਣਗੇ। ਐਨਗਿਡੀ ਨੂੰ ਬੰਗਲਾਦੇਸ਼ ਖਿਲਾਫ ਪਿਛਲੇ ਮੈਚ 'ਚ ਸੱਟ ਲੱਗੀ ਸੀ ਅਤੇ ਉਹ ਚਾਰ ਓਵਰ ਦੇ ਬਾਅਦ ਮੈਦਾਨ ਤੋਂ ਚਲੇ ਗਏ ਸਨ। ਟੀਮ ਦੇ ਡਾਕਟਰ ਮੁਹੰਮਦ ਮੂਸਾਜੀ ਨੇ ਕਿਹਾ, ''ਐਨਗਿਡੀ ਨੂੰ ਖੱਬੀ ਹੈਮਸਟ੍ਰਿੰਗ 'ਚ ਸੱਟ ਲਗੀ ਹੈ। ਉਹ ਇਕ ਹਫਤੇ ਤੋਂ ਦਸ ਦਿਨ ਤਕ ਨਹੀਂ ਖੇਡ ਸਕੇਗਾ। ਉਸ ਦਾ ਸਕੈਨ ਕਰਾਇਆ ਜਾਵੇਗਾ ਅਤੇ ਉਮੀਦ ਹੈ ਕਿ ਉਹ ਵੈਸਟਇੰਡੀਜ਼ ਖਿਲਾਫ ਮੈਚ ਤਕ ਫਿੱਟ ਹੋ ਜਾਵੇਗਾ।'' 

ਐਨਗਿਡੀ ਸੱਟ ਕਾਰਨ ਹੀ ਆਈ.ਪੀ.ਐੱਲ. ਵੀ ਨਹੀਂ ਖੇਡ ਸਕੇ ਸਨ। ਉਨ੍ਹਾਂ ਦੀ ਜਗ੍ਹਾ ਡੇਲ ਸਟੇਨ ਨੂੰ ਟੀਮ 'ਚ ਰਖਿਆ ਜਾ ਸਕਦਾ ਹੈ ਬਸ਼ਰਤੇ ਉਹ ਫਿੱਟ ਹੋ ਜਾਵੇ। ਸਟੇਨ ਨੇ ਨੈੱਟ 'ਤੇ ਕੁਝ ਓਵਰ ਕਰਾਏ ਪਰ ਅਜੇ ਉਨ੍ਹਾਂ ਦੇ ਭਾਰਤ ਖਿਲਾਫ ਖੇਡਣ 'ਤੇ ਤਸਵੀਰ ਸਪੱਸ਼ਟ ਨਹੀਂ ਹੈ। ਸਟੇਨ ਦੇ ਨਹੀਂ ਖੇਡਣ 'ਤੇ ਹਰਫਨਮੌਲਾ ਕ੍ਰਿਸ ਮੌਰਿਸ ਨੂੰ ਜਗ੍ਹਾ ਮਿਲ ਸਕਦੀ ਹੈ। ਸੀਨੀਅਰ ਬੱਲੇਬਾਜ਼ ਹਾਸ਼ਿਮ ਅਮਲਾ ਹੁਣ ਪਹਿਲੇ ਤੋਂ ਬਿਹਤਰ ਹਨ ਜਿਨ੍ਹਾਂ ਨੂੰ ਇੰਗਲੈਂਡ ਖਿਲਾਫ ਮੈਚ 'ਚ ਜੋਫਰਾ ਆਰਚਰ ਦੀ ਗੇਂਦ ਹੈਲਮੇਟ 'ਤੇ ਲੱਗੀ ਸੀ।


author

Tarsem Singh

Content Editor

Related News